ਕੈਨੇਡਾ ਦੇ ਕਾਨੂੰਨ ਅਤੇ ਤੁਸੀਂ
ਕੈਨੇਡਾ ਵਿਚ ਕਾਨੂੰਨ ਬਾਰੇ
ਕੈਨੇਡਾ ਦੇ ਕਾਨੂੰਨ ਸਾਡਾ ਹਰ ਰੋਜ਼ ਧਿਆਨ ਖਿੱਚਦੇ ਹਨ ਕਿਉਂਕਿ ਉਹ ਸਾਨੂੰ ਦੱਸਦੇ ਹਨ ਕਿ ਸਾਨੂੰ ਇਕ ਦੂਜੇ ਨਾਲ ਕਿਸ ਤਰ੍ਹਾਂ ਦਾ ਵਰਤਾਉ ਕਰਨਾ ਚਾਹੀਦਾ ਹੈ। ਕੈਨੇਡਾ ਵਿਚ ਰਹਿਣ ਵੇਲੇ ਲੋਕਾਂ ਦੀਆਂ ਖਾਸ ਜ਼ਿੰਮੇਵਾਰੀਆਂ ਹਨ। ਉਨ੍ਹਾਂ ਲਈ:
- ਕਾਨੂੰਨਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਭਾਵੇਂ ਉਹ ਉਨ੍ਹਾਂ ਕਾਨੂੰਨਾਂ ਨਾਲ ਸਹਿਮਤ ਨਾ ਵੀ ਹੋਣ।
- ਦੂਜੇ ਲੋਕਾਂ ਦੇ ਹੱਕਾਂ ਦਾ ਆਦਰ ਕਰਨਾ ਜ਼ਰੂਰੀ ਹੈ, ਭਾਵੇਂ ਉਹ ਵੱਖਰੀਆਂ ਚੀਜ਼ਾਂ ਵਿਚ ਯਕੀਨ ਰੱਖਦੇ ਹੋਣ।
ਹੱਕਾਂ ਅਤੇ ਆਜ਼ਾਦੀਆਂ ਦਾ ਕੈਨੇਡੀਅਨ ਚਾਰਟਰ
ਕੈਨੇਡਾ ਵਿਚ ਰਹਿਣ ਵਾਲੇ ਲੋਕਾਂ ਦੇ ਖਾਸ ਹੱਕ ਹਨ ਜੋ ਕਿ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਜ਼ (ਚਾਰਟਰ) ਨਾਂ ਦੇ ਕਾਨੂੰਨ ਅਧੀਨ ਸੁਰੱਖਿਅਤ ਹਨ। ਇਨ੍ਹਾਂ ਵਿੱਚੋਂ ਕੁਝ ਹੱਕ ਅਤੇ ਆਜ਼ਾਦੀਆਂ ਇਹ ਹਨ:
- ਉਹ ਆਪਣੇ ਧਰਮ ਨੂੰ ਮੰਨ ਸਕਦੇ ਹਨ
- ਉਹ ਖੁਲ੍ਹ ਕੇ ਬੋਲ ਸਕਦੇ ਹਨ
- ਉਹ ਕਿਸੇ ਵੀ ਸਮਾਜਿਕ ਜਾਂ ਰਾਜਨੀਤਕ ਗਰੁੱਪ ਵਿਚ ਸ਼ਾਮਲ ਹੋ ਸਕਦੇ ਹਨ
- ਜੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਹ ਵਕੀਲ ਨਾਲ ਗੱਲ ਕਰ ਸਕਦੇ ਹਨ
- ਜੇ ਉਨ੍ਹਾਂ ਨੂੰ ਕਿਸੇ ਜੁਰਮ ਲਈ ਚਾਰਜ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨਾਲ ਇਨਸਾਫ ਹੋਵੋਗਾ ਅਤੇ ਦੋਸ਼ੀ ਸਾਬਤ ਹੋ ਜਾਣ ਤੱਕ ਉਨ੍ਹਾਂ ਨੂੰ ਨਿਰਦੋਸ਼ ਸਮਝਿਆ ਜਾਵੇਗਾ
- ਜੇ ਉਨ੍ਹਾਂ ਨੂੰ ਜੇਲ੍ਹ ਜਾਣਾ ਪਵੇ ਤਾਂ ਉਨ੍ਹਾਂ ਨੂੰ ਕੋਈ ਬੇਰਹਿਮ ਜਾਂ ਅਸਾਧਾਰਣ ਸਜ਼ਾ ਨਹੀਂ ਦਿੱਤੀ ਜਾਵੇਗੀ
- ਉਨ੍ਹਾਂ ਨਾਲ ਕਾਨੂੰਨ ਹੇਠ, ਬਿਨਾਂ ਕਿਸੇ ਵਿਤਕਰੇ ਦੇ ਬਰਾਬਰ ਵਾਲਾ ਵਰਤਾਉ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨਾਲ ਉਨ੍ਹਾਂ ਦੀ ਉਮਰ, ਉਨ੍ਹਾਂ ਦੇ ਲਿੰਗ, ਜਨਮ ਅਸਥਾਨ, ਉਨ੍ਹਾਂ ਦੇ ਧਰਮ, ਉਨ੍ਹਾਂ ਦੀਆਂ ਕਾਮੁਕ ਰੁਚੀਆਂ (ਜਿਵੇਂ ਗੇਅ, ਬਾਇਓਸੈਕਸ਼ੂਅਲ, ਜਾਂ ਸਟਰੇਟ), ਉਨ੍ਹਾਂ ਦੀ ਵਿਆਹੁਤਾ ਸਥਿਤੀ (ਕੁਆਰੇ, ਵਿਆਹੇ ਜਾਂ ਇਕੱਠੇ ਰਹਿ ਰਹੇ), ਜਾਂ ਕਿਸੇ ਮਾਨਸਿਕ ਜਾਂ ਸਰੀਰਕ ਅਪਾਹਜਤਾ ਕਰਕੇ ਵਿਤਕਰਾ ਨਹੀਂ ਕੀਤਾ ਜਾ ਸਕਦਾ
ਚਾਰਟਰ, ਕਰਿਮੀਨਲ ਲਾਅ (ਫ਼ੌਜਦਾਰੀ ਕਾਨੂੰਨ) ਵਿਚ ਬਹੁਤ ਮਹੱਤਵਪੂਰਨ ਹੈ। ਇਹ ਫ਼ੌਜਦਾਰੀ ਦੇ ਸਾਰੇ ਖੇਤਰਾਂ `ਤੇ ਅਸਰ ਪਾਉਂਦਾ ਹੈ, ਜਿਵੇਂ ਕਿ ਪੁਲੀਸ ਕਿਸੇ ਜੁਰਮ ਦੀ ਪੜਤਾਲ ਕਿਵੇਂ ਕਰਦੀ ਹੈ, ਇਹ ਪੱਕਾ ਕਰਨਾ ਕਿ ਮੁਕੱਦਮਾ ਨਿਰਪੱਖ ਚੱਲੇ ਅਤੇ ਵਾਜਬ ਸਜ਼ਾਵਾਂ ਦਿੱਤੀਆਂ ਜਾਣ।
ਕੈਨੇਡਾ ਕੋਲ ਰਾਣੀ ਹੈ
ਕੁਈਨ ਇਲੀਜ਼ਾਬੈਥ II ਆਫ ਕੈਨੇਡਾ, ਜੋ ਕਿ ਇੰਗਲੈਂਡ ਵਿਚ ਰਹਿੰਦੀ ਹੈ, ਕੈਨੇਡਾ ਦੀ ਰਾਣੀ ਹੈ। ਜਿਹੜੇ ਲੋਕ ਅਸੀਂ ਸਰਕਾਰ ਬਣਾਉਣ ਲਈ ਚੁਣਦੇ ਹਾਂ, ਉਹ ਕੈਨੇਡਾ ਵਿਚ ਕਾਨੂੰਨ ਬਣਾਉਂਦੇ ਹਨ ਨਾ ਕਿ ਰਾਣੀ। ਅਸੀਂ ਰਾਣੀ ਨੂੰ ਆਪਣੇ ਦੇਸ਼ ਦੇ ਮੁਖੀ ਦੇ ਤੌਰ `ਤੇ ਇਸ ਕਰਕੇ ਰੱਖਿਆ ਹੋਇਆ ਹੈ ਕਿਉਂਕਿ ਉਹ ਕੈਨੇਡਾ ਦੇ ਇਤਿਹਾਸ ਦਾ ਹਿੱਸਾ ਹੈ।
ਕਾਨੂੰਨ ਕੌਣ ਬਣਾਉਂਦਾ ਹੈ?
ਕੈਨੇਡਾ ਦੀ ਸਰਕਾਰ ਸਾਡੇ ਕਾਨੂੰਨ ਬਣਾਉਂਦੀ ਹੈ। ਕੈਨੇਡਾ ਵਿਚਲੀਆਂ ਸਾਰੀਆਂ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਹਨ, ਜਿਸ ਵਿਚ ਕੈਨੇਡਾ ਦੀ ਕੇਂਦਰੀ ਸਰਕਾਰ, ਬੀ ਸੀ ਦੀ ਸੂਬਾਈ ਸਰਕਾਰ ਅਤੇ ਉਸ ਸ਼ਹਿਰ ਦੀ ਸਰਕਾਰ ਸ਼ਾਮਲ ਹੈ ਜਿੱਥੇ ਤੁਸੀਂ ਰਹਿੰਦੇ ਹੋ। ਉਦਾਹਰਣ ਲਈ, ਕੈਨੇਡਾ ਦੀ ਸਰਕਾਰ ਜੁਰਮਾਂ ਨੂੰ ਕੰਟਰੋਲ ਕਰਨ ਲਈ ਕਾਨੂੰਨ ਬਣਾਉਂਦੀ ਹੈ, ਬੀ ਸੀ ਦੀ ਸਰਕਾਰ ਸਾਡੀਆਂ ਸੜਕਾਂ `ਤੇ ਗੱਡੀ ਚਲਾਉਣ ਬਾਰੇ ਕਾਨੂੰਨ ਬਣਾਉਂਦੀ ਹੈ, ਅਤੇ ਵੈਨਕੂਵਰ ਸ਼ਹਿਰ ਉਸ ਘਰ ਦੇ ਸਾਈਜ਼ ਬਾਰੇ ਕਾਨੂੰਨ ਬਣਾਉਂਦਾ ਹੈ ਜਿਹੜਾ ਤੁਸੀਂ ਆਪਣੀ ਪ੍ਰਾਪਰਟੀ `ਤੇ ਬਣਾ ਸਕਦੇ ਹੋ।
ਸਰਕਾਰ ਕੈਨੇਡਾ ਦੇ ਕਾਨੂੰਨਾਂ ਦੀ ਨਿਗਰਾਨੀ ਵੀ ਕਰਦੀ ਹੈ। ਉਦਾਹਰਣ ਲਈ, ਲੋਕਾਂ ਨੂੰ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਕੈਨੇਡਾ ਦੇ ਸਰਕਾਰੀ ਸਟਾਫ ਨਾਲ ਗੱਲ ਕਰਨ ਦੀ ਲੋੜ ਪੈ ਸਕਦੀ ਹੈ ਜੇ ਉਨ੍ਹਾਂ ਦੇ ਮਨਾਂ ਵਿਚ ਆਪਣੇ ਪਰਿਵਾਰਾਂ ਨੂੰ ਕੈਨੇਡਾ ਸੱਦਣ ਬਾਰੇ ਸਵਾਲ ਹੋਣ।
ਜੱਜ, ਅਦਾਲਤ ਵਿਚ ਮੁਕੱਦਮਿਆਂ ਦੌਰਾਨ ਕਾਨੂੰਨ ਲਾਗੂ ਕਰਦੇ ਹਨ। ਉਦਾਹਰਣ ਲਈ, ਜੱਜ ਇਹ ਫੈਸਲਾ ਕਰ ਸਕਦਾ ਹੈ ਕਿ ਜਿਸ ਵਿਅਕਤੀ ਨੇ ਲਾਲ ਬੱਤੀ ਵਿਚ ਦੀ ਗੱਡੀ ਲੰਘਾਈ, ਉਹ ਕਾਰ ਦੇ ਐਕਸੀਡੈਂਟ ਦਾ ਕਾਰਨ ਬਣਿਆ। ਉਹ ਵਿਅਕਤੀ ਕਾਰ ਦੇ ਐਕਸੀਡੈਂਟ ਲਈ ਜ਼ਿੰਮੇਵਾਰ ਸੀ ਕਿਉਂਕਿ ਉਸ ਨੇ ਸੁਰੱਖਿਅਤ ਗੱਡੀ ਚਲਾਉਣ ਬਾਰੇ ਕਾਨੂੰਨ ਤੋੜਿਆ।
ਜੱਜ ਕੀ ਕਰਦੇ ਹਨ?
ਜਦੋਂ ਕੋਈ ਕੇਸ ਮੁਕੱਦਮੇ ਲਈ ਜਾਂਦਾ ਹੈ ਤਾਂ ਜੱਜ ਦਾ ਫੈਸਲਾ ਕੇਸ ਦੇ ਤੱਥਾਂ ਅਤੇ ਕਾਨੂੰਨ `ਤੇ ਆਧਾਰਿਤ ਹੁੰਦਾ ਹੈ। ਸ਼ਾਮਲ ਧਿਰਾਂ (ਝਗੜੇ ਵਿਚਲੇ ਲੋਕਾਂ) ਲਈ ਜੱਜ ਦਾ ਫੈਸਲਾ ਅੰਤਿਮ ਰੂਪ ਵਿਚ ਮੰਨਣਾ ਜ਼ਰੂਰੀ ਹੈ, ਜੇ ਕੋਈ ਇਕ ਧਿਰ ਜੱਜ ਦੇ ਫੈਸਲੇ ਵਿਰੁੱਧ ਉਚੇਰੀ ਅਦਾਲਤ ਵਿਚ ਅਪੀਲ ਨਹੀਂ ਕਰ ਦਿੰਦੀ।
ਸਾਡੇ ਅਦਾਲਤੀ ਸਿਸਟਮ ਦੀਆਂ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇਕ ਚੀਜ਼ ਇਹ ਹੈ ਕਿ ਜੱਜ ਆਜ਼ਾਦ ਹਨ। ਇਸ ਦਾ ਮਤਲਬ ਹੈ ਕਿ ਉਹ ਸਰਕਾਰ ਦੇ ਉਨ੍ਹਾਂ ਹੋਰ ਹਿੱਸਿਆਂ ਤੋਂ ਵੱਖਰੇ ਹਨ ਜਿਹੜੇ ਕਾਨੂੰਨ ਬਣਾਉਂਦੇ ਅਤੇ ਲਾਗੂ ਕਰਦੇ ਹਨ। ਸਰਕਾਰ ਕਾਨੂੰਨ ਬਣਾਉਂਦੀ ਹੈ। ਜੱਜ ਨਵੇਂ ਕਾਨੂੰਨ ਨਹੀਂ ਬਣਾਉਂਦੇ। ਅਦਾਲਤ ਵਿਚ ਫੈਸਲੇ ਕਰਨ ਵੇਲੇ ਜੱਜ ਕੈਨੇਡਾ ਦੇ ਕਾਨੂੰਨਾਂ ਨੂੰ ਲਾਗੂ ਕਰਦੇ ਹਨ।
ਜੱਜ ਕੇਸ ਦੇ ਤੱਥਾਂ ਅਤੇ ਕਾਨੂੰਨ ਦੇ ਆਧਾਰ `ਤੇ ਚੰਗੇ ਫੈਸਲੇ ਕਰਨ ਲਈ ਆਜ਼ਾਦ ਹਨ। ਅਦਾਲਤ ਵਿਚ ਇਸ ਤਰ੍ਹਾਂ ਦਾ ਜਾਂ ਉਸ ਤਰ੍ਹਾਂ ਦਾ ਫੈਸਲਾ ਕਰਨ ਲਈ ਜੱਜਾਂ `ਤੇ ਕੋਈ ਦਬਾਅ ਨਹੀਂ ਪਾਇਆ ਜਾਂਦਾ। ਇਸ ਕਰਕੇ ਕਿਉਂਕਿ ਉਨ੍ਹਾਂ ਦੀਆਂ ਨੌਕਰੀਆਂ ਸੁਰੱਖਿਅਤ ਹਨ - ਉਹ ਆਪਣੀਆਂ ਨੌਕਰੀਆਂ ਰਿਟਾਇਰ ਹੋਣ ਤੱਕ ਕਾਇਮ ਰੱਖਦੇ ਹਨ। ਉਨ੍ਹਾਂ ਨੂੰ ਨਾਪਸੰਦੀ ਵਾਲੇ ਕਿਸੇ ਫੈਸਲੇ ਕਾਰਨ ਕੰਮ ਤੋਂ ਹਟਾਉਣ ਦੀ ਧਮਕੀ ਨਹੀਂ ਦਿੱਤੀ ਜਾ ਸਕਦੀ। ਜੱਜਾਂ ਨੂੰ ਵਧੀਆ ਤਨਖਾਹ ਮਿਲਦੀ ਹੈ ਇਸ ਕਰਕੇ ਕੋਈ ਖਾਸ ਫੈਸਲਾ ਕਰਨ ਲਈ ਉਹ ਕਿਸੇ ਤੋਂ ਵੀ ਪੈਸੇ ਪ੍ਰਵਾਨ ਨਹੀਂ ਕਰਦੇ। ਅਤੇ, ਹਰ ਅਦਾਲਤ ਦੇ ਚੀਫ ਜਸਟਿਸ ਨੂੰ ਇਹ ਫੈਸਲਾ ਕਰਨ ਦਾ ਹੱਕ ਹੈ ਕਿ ਅਦਾਲਤਾਂ ਦਾ ਪ੍ਰਬੰਧ ਕਿਵੇਂ ਚੱਲੇ। ਸਰਕਾਰ ਅਦਾਲਤਾਂ ਨੂੰ ਇਹ ਨਹੀਂ ਦੱਸਦੀ ਕਿ ਉਨ੍ਹਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ।
ਵਕੀਲ ਕੀ ਕਰਦੇ ਹਨ?
ਵਕੀਲ ਸਮੱਸਿਆਵਾਂ ਦਾ ਹੱਲ ਕਰਨ ਵਿਚ ਮਦਦ ਕਰ ਸਕਦੇ ਹਨ
ਕਾਨੂੰਨ ਹਰ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ ਕਿਉਂਕਿ ਸਾਰੀਆਂ ਸਮੱਸਿਆਵਾਂ ਕਾਨੂੰਨੀ ਹੱਕਾਂ ਬਾਰੇ ਨਹੀਂ ਹਨ। ਕੋਈ ਸਮੱਸਿਆ ਦੁੱਖ ਦੇਣ ਵਾਲੀ ਹੋ ਸਕਦੀ ਹੈ, ਪਰ ਹੋ ਸਕਦਾ ਕਾਨੂੰਨ ਇਸ ਨੂੰ ਹੱਲ ਕਰਨ ਵਿਚ ਮਦਦ ਨਾ ਕਰ ਸਕਦਾ ਹੋਵੇ। ਵਕੀਲ ਜਾਣਦਾ ਹੁੰਦਾ ਹੈ ਕਿ ਕੀ ਇਹ ਕਾਨੂੰਨੀ ਸਮੱਸਿਆ ਹੈ ਅਤੇ ਇਸ ਚੀਜ਼ ਬਾਰੇ ਸਲਾਹ ਦੇ ਸਕਦਾ ਹੈ ਕਿ ਇਸ ਦਾ ਹੱਲ ਕਿਵੇਂ ਕਰਨਾ ਹੈ।
ਵਕੀਲ ਬਹੁਤ ਸਾਰੀਆਂ ਚੀਜ਼ਾਂ ਵਿਚ ਲੋਕਾਂ ਦੀ ਮਦਦ ਕਰਦੇ ਹਨ, ਵਸੀਅਤ ਲਿਖਣ ਤੋਂ ਲੈ ਕੇ ਕਾਨੂੰਨੀ ਮੱਤਭੇਦ ਹੱਲ ਕਰਨ ਤੱਕ। ਵਕੀਲ ਅਦਾਲਤੀ ਸਿਸਟਮ ਵਿਚ ਇਕ ਮਹੱਤਵਪੂਰਨ ਰੋਲ ਨਿਭਾਉਂਦੇ ਹਨ ਜਦੋਂ ਉਹ ਅਦਾਲਤ ਵਿਚ ਕੇਸ ਪੇਸ਼ ਕਰਨ ਵਿਚ ਗਾਹਕਾਂ (ਕਲਾਇੰਟਸ) ਦੀ ਮਦਦ ਕਰਦੇ ਹਨ।
ਕੀ ਅਦਾਲਤ ਵਿਚ ਜਾਣ ਲਈ ਤੁਹਾਨੂੰ ਵਕੀਲ ਦੀ ਲੋੜ ਹੈ?
ਲੋਕਾ ਨੂੰ ਅਦਾਲਤ ਵਿਚ ਆਪਣਾ ਕੇਸ ਆਪ ਲੜਨ ਲਈ ਵਕੀਲਾਂ ਦੀ ਲੋੜ ਨਹੀਂ ਹੈ। ਪਰ, ਜੇ ਉਨ੍ਹਾਂ ਕੋਲ ਵਕੀਲ ਨਾ ਹੋਵੇ ਤਾਂ ਉਨ੍ਹਾਂ ਨੂੰ ਹਰ ਉਹ ਚੀਜ਼ ਕਰਨੀ ਪਵੇਗੀ ਜਿਹੜੀ ਕੋਈ ਵਕੀਲ ਕੇਸ ਨੂੰ ਅਦਾਲਤ ਵਿਚ ਲਿਜਾਣ ਲਈ ਕਰੇਗਾ। ਉਦਾਹਰਣ ਲਈ, ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਬਾਰੇ ਸਿੱਖਣਾ ਪਵੇਗਾ:
- ਅਦਾਲਤੀ ਸਿਸਟਮ
- ਅਦਾਲਤੀ ਕਾਰਵਾਈਆਂ, ਸਮੇਤ ਉਨ੍ਹਾਂ ਫਾਰਮਾਂ ਦੇ ਜਿਨ੍ਹਾਂ ਦੀ ਵਰਤੋਂ ਕੇਸ ਨੂੰ ਅਦਾਲਤੀ ਸਿਸਟਮ ਵਿਚ ਦੀ ਲਿਜਾਣ ਲਈ ਕਰਨੀ ਜ਼ਰੂਰੀ ਹੈ
- ਉਹ ਕਾਨੂੰਨ ਜਿਹੜਾ ਉਨ੍ਹਾਂ ਦੇ ਕੇਸ `ਤੇ ਲਾਗੂ ਹੁੰਦਾ ਹੈ
- ਆਪਣਾ ਕੇਸ ਸਾਬਤ ਕਰਨ ਲਈ ਜਿਸ ਸਬੂਤ ਦੀ ਉਨ੍ਹਾਂ ਨੂੰ ਲੋੜ ਹੈ
- ਜੇ ਉਹ ਆਪਣਾ ਕੇਸ ਜਿੱਤ ਜਾਂਦੇ ਹਨ ਜਾਂ ਹਾਰ ਜਾਂਦੇ ਹਨ ਤਾਂ ਕੀ ਹੋਵੇਗਾ
ਮੁਕੱਦਮੇ ਲੜਨੇ ਔਖੇ ਹੋ ਸਕਦੇ ਹਨ। ਇਹ ਫੈਸਲਾ ਕਰਨ ਤੋਂ ਪਹਿਲਾਂ ਕਿ ਕੀ ਉਨ੍ਹਾਂ ਨੇ ਆਪਣਾ ਕੇਸ ਆਪ ਲੜਨਾ ਹੈ, ਕਿਸੇ ਵਕੀਲ ਨਾਲ ਗੱਲ ਕਰਨਾ ਚੰਗਾ ਹੈ, ਖਾਸ ਕਰਕੇ ਜੇ ਉਨ੍ਹਾਂ ਨੂੰ ਕਿਸੇ ਜੁਰਮ ਲਈ ਚਾਰਜ ਕੀਤਾ ਗਿਆ ਹੋਵੇ।
ਤੁਸੀਂ ਵਕੀਲ ਕਿਵੇਂ ਲੱਭਣਾ ਹੈ?
ਵਕੀਲ ਲੱਭਣ ਦੇ ਕਈ ਤਰੀਕੇ ਹਨ। ਕੈਨੇਡੀਅਨ ਬਾਰ ਐਸੋਸੀਏਸ਼ਨ ਸ਼ੁਰੂ ਕਰਨ ਲਈ ਇਕ ਚੰਗੀ ਥਾਂ ਹੈ। ਕੁਝ ਵਕੀਲ ਜਾਣਕਾਰੀ ਅਤੇ ਸਲਾਹ ਮੁਫਤ ਦੇਣਗੇ। ਆਪਣੇ ਇਲਾਕੇ ਵਿਚ ਮੁਫਤ ਕਾਨੂੰਨੀ ਮਦਦ ਕਿਵੇਂ ਲੈਣੀ ਹੈ, ਇਹ ਪਤਾ ਲਾਉਣ ਲਈ ਇੱਥੇ ਦੇਖੋ।