ਕੈਨੇਡਾ ਵਿਚ ਜੁਰਮ ਕੀ ਹੈ?
ਇਹ ਜਾਣਕਾਰੀ ਸਿਰਫ ਉਨ੍ਹਾਂ ਬਾਲਗਾਂ ਬਾਰੇ ਹੈ (18 ਸਾਲ ਦੀ ਉਮਰ ਤੋਂ ਉਪਰ ਦੇ ਲੋਕਾਂ ਬਾਰੇ) ਜਿਹੜੇ ਮੁਜਰਮਾਨਾ ਕੇਸਾਂ ਵਿਚ ਸ਼ਾਮਲ ਹਨ। ਮੁਜਰਮਾਨਾ ਕੇਸਾਂ ਵਿਚ ਸ਼ਾਮਲ ਜਵਾਨਾਂ (12 ਅਤੇ 17 ਸਾਲ ਦੀ ਵਿਚਕਾਰ ਦੀ ਉਮਰ ਦੇ ਬੱਚਿਆਂ) ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਜੁਰਮ ਇਕ ਅਜਿਹਾ ਕਦਮ ਹੈ ਜਿਹੜਾ ਕੈਨੇਡਾ ਦੇ ਕਿਸੇ ਕਰਿਮੀਨਲ ਕਾਨੂੰਨ ਨੂੰ ਤੋੜਦਾ ਹੈ। ਜੁਰਮ ਨੂੰ ਕਦੇ ਕਦੇ ‘‘ਓਫੈਂਸ`’ ਵੀ ਆਖਿਆ ਜਾਂਦਾ ਹੈ। ਉਦਾਹਰਣ ਲਈ, ਜੇ ਕੋਈ ਬੈਂਕ ਲੁੱਟਦਾ ਹੈ ਤਾਂ ਉਹ ਲੁੱਟਣ ਦਾ ਜੁਰਮ ਕਰਦਾ ਹੈ, ਜੋ ਕਿ ਕਰਿਮੀਨਲ ਕੋਡ ਆਫ ਕੈਨੇਡਾ ਅਧੀਨ ਇਕ ਜੁਰਮ ਹੈ। ਪੁਲੀਸ ਜੁਰਮ ਦੀ ਪੜਤਾਲ ਕਰੇਗੀ। ਉਹ ਉਨ੍ਹਾਂ ਲੋਕਾਂ ਨਾਲ ਗੱਲ ਕਰੇਗੀ ਜਿਨ੍ਹਾਂ ਨੇ ਜੁਰਮ ਹੁੰਦਾ ਦੇਖਿਆ ਹੈ ਅਤੇ ਉਸ ਥਾਂ ਦੀ ਜਾਂਚ ਕਰੇਗੀ ਜਿੱਥੇ ਜੁਰਮ ਹੋਇਆ ਸੀ।
ਪੁਲੀਸ ਇਹ ਫੈਸਲਾ ਕਰਦੀ ਹੈ ਕਿ ਕੀ ਉਨ੍ਹਾਂ ਕੋਲ ਕਿਸੇ ਨੂੰ ਲੁੱਟਣ ਦਾ ਜੁਰਮ ਕਰਨ ਲਈ ਕਿਸੇ ਵਿਅਕਤੀ ਨੂੰ ਚਾਰਜ ਕਰਨ ਲਈ ਕਾਫੀ ਸਬੂਤ ਹਨ। ਅਸਲ ਵਿਚ ਪੁਲੀਸ ਕਿਸੇ ਨੂੰ ਚਾਰਜ ਨਹੀਂ ਕਰਦੀ। ਪੁਲੀਸ ਇਹ ਜਾਣਕਾਰੀ ਅਤੇ ਸਬੂਤ ਸਰਕਾਰੀ ਵਕੀਲ (ਕਰਾਉਨ ਪ੍ਰੌਸੀਕਿਊਟਰ) ਨੂੰ ਦਿੰਦੀ ਹੈ ਜੋ ਸਬੂਤਾਂ ਨੂੰ ਘੋਖੇਗਾ ਅਤੇ ਇਹ ਫੈਸਲਾ ਕਰੇਗਾ ਕਿ ਕੀ ਉਸ ਵਿਅਕਤੀ ਨੂੰ ਜੁਰਮ ਲਈ ਚਾਰਜ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਸਰਕਾਰੀ ਵਕੀਲ ਕਿਸੇ ਵਿਅਕਤੀ ਨੂੰ ਚਾਰਜ ਕਰਦਾ ਹੈ ਨਾ ਕਿ ਪੁਲੀਸ।
ਕਰਾਉਨ ਪ੍ਰੌਸੀਕਿਊਟਰ ਸਰਕਾਰੀ ਵਕੀਲ ਹੁੰਦੇ ਹਨ ਜੋ ਕਿ ਪਬਲਿਕ ਲਈ ਕਾਰਵਾਈ ਕਰਦੇ ਹਨ। ਇਸ ਦਾ ਮਤਲਬ ਹੈ ਕਿ ਉਹ ਸਮਾਜ ਦੇ ਭਲੇ ਲਈ ਕੰਮ ਕਰਦੇ ਹਨ, ਨਾ ਕਿ ਕਿਸੇ ਇਕ ਵਿਅਕਤੀ ਦੇ ਭਲੇ ਲਈ।
ਜਿਸ ਵਿਅਕਤੀ ਨੂੰ ਕਿਸੇ ਜੁਰਮ ਲਈ ਚਾਰਜ ਕੀਤਾ ਜਾਂਦਾ ਹੈ ਉਸ ਨੂੰ ‘‘ਅਕਿਊਜ਼ਡ`’ (ਕਥਿਤ ਦੋਸ਼ੀ) ਆਖਿਆ ਜਾਂਦਾ ਹੈ। ਕਥਿਤ ਦੋਸ਼ੀ ਨੂੰ ਉਦੋਂ ਤੱਕ ਨਿਰਦੋਸ਼ ਮੰਨਿਆ ਜਾਂਦਾ ਹੈ ਜਦ ਤੱਕ ਮੁਕੱਦਮੇ ਵਿਚ ਉਹ ਦੋਸ਼ੀ ਸਾਬਤ ਨਹੀਂ ਹੋ ਜਾਂਦਾ। ਮੁਕੱਦਮੇ ਵਿਚ ਕਥਿਤ ਦੋਸ਼ੀ ਨੂੰ ਇਕ ਵਾਜਬ ਸ਼ੱਕ ਤੋਂ ਅਗਾਂਹ ਦੋਸ਼ੀ ਸਾਬਤ ਕੀਤਾ ਜਾਣਾ ਜ਼ਰੂਰੀ ਹੈ।