ਫ਼ੌਜਦਾਰੀ ਕੇਸ
ਇਹ ਜਾਣਕਾਰੀ ਉਨ੍ਹਾਂ ਬਾਲਗਾਂ (18 ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ) ਬਾਰੇ ਹੈ ਜੋ ਕਿ ਫੌ਼ਜਦਾਰੀ (ਕਰਿਮੀਨਲ) ਕੇਸਾਂ ਵਿਚ ਸ਼ਾਮਲ ਹਨ। ਫੌ਼ਜਦਾਰੀ ਕੇਸਾਂ ਵਿਚ ਸ਼ਾਮਲ ਜਵਾਨਾਂ ਬਾਰੇ (12 ਅਤੇ 17 ਸਾਲ ਦੀ ਉਮਰ ਦੇ ਵਿਚਕਾਰ ਦੇ ਬੱਚਿਆਂ) ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਫ਼ੌਜਦਾਰੀ ਕਾਨੂੰਨ ਵਿਚ ਤਿੰਨ ਮਹੱਤਵਪੂਰਨ ਨਿਯਮ
ਕੈਨੇਡੀਅਨ ਫ਼ੌਜਦਾਰੀ ਕਾਨੂੰਨ ਵਿਚ ਤਿੰਨ ਮਹੱਤਵਪੂਰਨ ਨਿਯਮ ਹਨ:
- ਦੋਸ਼ ਲੱਗੇ ਵਿਅਕਤੀ ਨੂੰ ਉਦੋਂ ਤੱਕ ਬੇਗੁਨਾਹ ਸਮਝਿਆ ਜਾਂਦਾ ਹੈ ਜਦ ਤੱਕ ਨਿਆਂਕਾਰੀ ਮੁਕੱਦਮੇ ਵਿਚ ਉਹ ਦੋਸ਼ੀ ਨਹੀਂ ਸਾਬਤ ਹੋ ਜਾਂਦਾ।
- ਸਰਕਾਰੀ ਵਕੀਲ ਲਈ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਕਥਿਤ ਦੋਸ਼ੀ ਕਸੂਰਵਾਰ ਹੈ। ਕਥਿਤ ਦੋਸ਼ੀ ਨੂੰ ਇਹ ਸਾਬਤ ਨਹੀਂ ਕਰਨਾ ਪੈਂਦਾ ਕਿ ਉਹ ਬੇਗੁਨਾਹ ਹੈ।
- ਸਰਕਾਰੀ ਵਕੀਲ ਲਈ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਕਥਿਤ ਦੋਸ਼ੀ ਇਕ ਵਾਜਬ ਸ਼ੱਕ ਤੋਂ ਅਗਾਂਹ ਦੋਸ਼ੀ ਹੈ। ਇਸ ਦਾ ਮਤਲਬ ਹੈ ਕਿ ਕਥਿਤ ਦੋਸ਼ੀ ਨੂੰ ਦੋਸ਼ੀ ਨਹੀਂ ਸਮਝਿਆ ਜਾਵੇਗਾ ਜੇ ਜੱਜ ਨੂੰ ਇਹ ਵਾਜਬ ਸ਼ੱਕ ਰਹਿ ਜਾਵੇ ਕਿ ਕਥਿਤ ਦੋਸ਼ੀ ਨੇ ਜੁਰਮ ਕੀਤਾ ਹੈ ਜਾਂ ਨਹੀਂ।
ਛੋਟੇ ਮੋਟੇ ਜੁਰਮ
ਬੀ ਸੀ ਦੀ ਸੂਬਾਈ ਕੋਰਟ ਅਦਾਲਤ ਦਾ ਪਹਿਲਾ ਪੱਧਰ ਹੈ ਜਿੱਥੇ ਬਹੁਤੇ ਫ਼ੌਜਦਾਰੀ ਕੇਸ ਸ਼ੁਰੂ ਹੁੰਦੇ ਹਨ। ਜੇ ਜੁਰਮ ਘੱਟ ਗੰਭੀਰ ਹੋਵੇ (ਜਿਵੇਂ ਸਟੋਰ ਵਿੱਚੋਂ ਚੋਰੀ) ਤਾਂ ਮੁਕੱਦਮਾ ਸੂਬਾਈ ਕੋਰਟ ਵਿਚ ਚੱਲੇਗਾ। ਇਸ ਨੂੰ ‘‘ਸਮਰੀ ਓਫੈਂਸ`’ ਆਖਿਆ ਜਾਂਦਾ ਹੈ।
ਦੋਸ਼ ਲਾਉਣ ਯੋਗ ਜੁਰਮ
ਜੇ ਜੁਰਮ ਗੰਭੀਰ ਹੈ (ਜਿਵੇਂ ਕਤਲ) ਤਾਂ ਜੁਰਮ ਨੂੰ ‘‘ਇਨਡਿਕਟੇਬਲ ਓਫੈਂਸ`’ ਆਖਿਆ ਜਾਂਦਾ ਹੈ। ਕਥਿਤ ਦੋਸ਼ੀ ਸੂਬਾਈ ਅਦਾਲਤ ਵਿਚ ਗਿਲਟੀ ਪਲੀਡ ਕਰਦਾ ਹੈ ਜਾਂ ਗਿਲਟੀ ਨਹੀਂ ਪਲੀਡ ਕਰਦਾ ਹੈ। ਦੋਸ਼ ਲਾਉਣ ਯੋਗ ਬਹੁਤੇ ਜੁਰਮਾਂ ਲਈ, ਕਥਿਤ ਦੋਸ਼ੀ ਫਿਰ ਇਹ ਚੋਣ ਕਰ ਸਕਦਾ ਹੈ ਕਿ ਮੁਕੱਦਮਾ ਸੂਬਾਈ ਅਦਾਲਤ ਦੇ ਜੱਜ ਅੱਗੇ ਜਾਂ ਸੁਪਰੀਮ ਕੋਰਟ ਵਿਚ ਜੱਜ ਜਾਂ ਜਿਊਰੀ ਅੱਗੇ ਲੜਨਾ ਹੈ।
ਜਿਊਰੀ ਮੁਕੱਦਮੇ
ਜਿਊਰੀ 12 ਕੈਨੇਡੀਅਨ ਸਿਟੀਜ਼ਨਾਂ ਦੇ ਇਕ ਗਰੁੱਪ ਦੀ ਹੁੰਦੀ ਹੈ ਜੋ ਕਿ ਜੱਜ ਦੇ ਨਾਲ ਮੁਕੱਦਮਾ ਸੁਣਨ ਲਈ ਚੁਣੀ (ਵੋਟਰਾਂ ਦੀ ਲਿਸਟ ਵਿੱਚੋਂ ਬਿਨਾਂ ਸੋਚੇ) ਜਾਂਦੀ ਹੈ। ਸਰਕਾਰੀ ਵਕੀਲ ਅਤੇ ਬਚਾਉ ਪੱਖ ਦੇ ਵਕੀਲ ਵਲੋਂ ਆਪੋ ਆਪਣੀ ਸਥਿਤੀ ਬਾਰੇ ਦਲੀਲਾਂ ਦੇ ਲੈਣ ਤੋਂ ਬਾਅਦ, ਜੱਜ ਜਿਊਰੀ ਨੂੰ ਉਸ ਕਾਨੂੰਨ ਬਾਰੇ ਦੱਸਦਾ ਹੈ ਜਿਹੜਾ ਕੇਸ `ਤੇ ਲਾਗੂ ਹੁੰਦਾ ਹੈ। ਫਿਰ ਜਿਊਰੀ ਇਹ ਫੈਸਲਾ ਕਰਨ ਲਈ ਕੋਰਟਹਾਊਸ ਦੇ ਇਕ ਵੱਖਰੇ ਕਮਰੇ ਵਿਚ ਮਿਲਦੀ ਹੈ ਕਿ ਕੀ ਸਰਕਾਰੀ ਵਕੀਲ ਨੇ ਇਕ ਵਾਜਬ ਸ਼ੱਕ ਤੋਂ ਅਗਾਂਹ ਇਹ ਸਾਬਤ ਕੀਤਾ ਹੈ ਕਿ ਕਥਿਤ ਦੋਸ਼ੀ ਨੇ ਜੁਰਮ ਕੀਤਾ ਹੈ। ਜਿਊਰੀ ਦੇ ਵਿਚਾਰ-ਵਟਾਂਦਰੇ ਪੂਰੀ ਤਰ੍ਹਾਂ ਪ੍ਰਾਈਵੇਟ ਹੁੰਦੇ ਹਨ। ਜਿਊਰੀ ਦੇ ਸਾਰੇ ਮੈਂਬਰਾਂ ਲਈ ਆਪਣੇ ਫੈਸਲੇ `ਤੇ ਸਹਿਮਤ ਹੋਣਾ ਜ਼ਰੂਰੀ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਨਵੀਂ ਜਿਊਰੀ ਨਾਲ ਇਕ ਹੋਰ ਮੁਕੱਦਮਾ ਚੱਲੇਗਾ।
ਕਥਿਤ ਦੋਸ਼ੀ, ਫ਼ੌਜਦਾਰੀ ਮੁਕੱਦਮੇ ਵਿਚ ਆਪਣਾ ਕੇਸ ਵਕੀਲ ਤੋਂ ਬਿਨਾਂ ਆਪ ਲੜ ਸਕਦਾ ਹੈ, ਪਰ ਇਹ ਔਖਾ ਹੈ। ਕਿਸੇ ਜੁਰਮ ਦੇ ਦੋਸ਼ ਲੱਗੇ ਵਿਅਕਤੀ ਨੂੰ ਇਹ ਫੈਸਲਾ ਕਰਨ ਤੋਂ ਪਹਿਲਾਂ ਕਿਸੇ ਵਕੀਲ ਨਾਲ ਗੱਲ ਕਰਨੀ ਚਾਹੀਦੀ ਹੈ।
ਹੋਰ ਫ਼ੌਜਦਾਰੀ ਅਦਾਲਤਾਂ
ਸੂਬਾਈ ਅਦਾਲਤ ਨੇ ਕੁਝ ਖਾਸ ਅਦਾਲਤਾਂ ਬਣਾਈਆਂ ਹਨ ਜੋ ਖਾਸ ਕੇਸਾਂ ਨਾਲ ਸਿੱਝਦੀਆਂ ਹਨ, ਜਿਵੇਂ ਕਿ ਫਸਟ ਨੇਸ਼ਨਜ਼ ਦੇ ਲੋਕ, ਮਾਨਸਿਕ ਤੌਰ `ਤੇ ਅਪਾਹਜ ਲੋਕ, ਅਤੇ ਨਸ਼ਿਆਂ ਜਾਂ ਸ਼ਰਾਬ ਦੀਆਂ ਆਦਤਾਂ ਵਾਲੇ ਅਪਰਾਧੀ। ਇਹ ਅਦਾਲਤਾਂ ਸਮੱਸਿਆ ਦਾ ਬਿਹਤਰ ਹੱਲ ਲੱਭਣ ਲਈ ਸਮਾਜਿਕ ਅਤੇ ਸਿਹਤ ਸੇਵਾਵਾਂ ਨਾਲ ਰਲ ਕੇ ਕੰਮ ਕਰਦੀਆਂ ਹਨ।
ਵੈਨਕੂਵਰ ਦੀ ਡਾਊਨਟਾਊਨ ਕਮਿਉਨਟੀ ਕੋਰਟ
ਇਹ ਅਦਾਲਤ ਡਾਊਨਟਾਊਨ ਵੈਨਕੂਵਰ ਵਿਚਲੇ ਅਪਰਾਧੀਆਂ ਨਾਲ ਸਿੱਝਦੀ ਹੈ ਜਿਨ੍ਹਾਂ ਦੀਆਂ ਸਿਹਤ ਅਤੇ ਸਮਾਜਿਕ ਸਮੱਸਿਆਵਾਂ ਹੁੰਦੀਆਂ ਹਨ, ਜਿਸ ਵਿਚ ਸ਼ਰਾਬਪੁਣਾ, ਨਸ਼ਿਆਂ ਦੀ ਆਦਤ, ਮਾਨਿਸਕ ਬੀਮਾਰੀ, ਬੇਘਰਪੁਣਾ ਅਤੇ ਗਰੀਬੀ ਸ਼ਮਲ ਹਨ। ਇਸ ਦਾ ਟੀਚਾ ਕਥਿਤ ਦੋਸ਼ੀ ਦੀ ਸਮੱਸਿਆ ਦਾ ਹੱਲ ਕਰਨ ਲਈ ਸਭ ਤੋਂ ਬਿਹਤਰ ਤਰੀਕਾ ਲੱਭ ਕੇ ਜੁਰਮ ਘਟਾਉਣਾ ਹੈ (ਜਿਵੇਂ ਕਥਿਤੀ ਦੋਸ਼ੀ ਨੂੰ ਨਸ਼ਿਆਂ ਦੇ ਇਲਾਜ ਲਈ ਭੇਜਣਾ।)
ਵਿਕਟੋਰੀਆ ਦੀ ਇਨਟੈਗਰੇਟਿਡ ਕੋਰਟ
ਇਸ ਅਦਾਲਤ ਦਾ ਟੀਚਾ ਵੀ ਵੈਨਕੂਵਰ ਦੀ ਕਮਿਉਨਟੀ ਕੋਰਟ ਵਰਗਾ ਹੀ ਹੈ।
ਫਸਟ ਨੇਸ਼ਨਜ਼ ਕੋਰਟ
ਫਸਟ ਨੇਸ਼ਨਜ਼ ਕੋਰਟ ਨਿਊ ਵੈੱਸਟਮਨਿਸਟਰ, ਬੀ ਸੀ ਵਿਚ ਹੈ। ਇਸ ਦਾ ਟੀਚਾ ਫਸਟ ਨੇਸ਼ਨਜ਼ (ਐਬੋਰਿਜਨਲ) ਕਮਿਉਨਟੀਆਂ ਦੀਆਂ ਲੋੜਾਂ ਨਾਲ ਸਿੱਝਣਾ ਹੈ, ਖਾਸ ਤੌਰ `ਤੇ ਕਿਸੇ ਅਪਰਾਧੀ ਨੂੰ ਸਜ਼ਾ ਦੇਣ ਵੇਲੇ। ਫਸਟ ਨੇਸ਼ਨਜ਼ ਦੇ ਬਜ਼ੁਰਗਾਂ ਦਾ ਇਕ ਗਰੁੱਪ ਅਦਾਲਤ ਨੂੰ ਸੇਧ ਦਿੰਦਾ ਹੈ। ਅਪਰਾਧੀ ਨੂੰ ਸਜ਼ਾ ਦੇਣ ਤੋਂ ਇਲਾਵਾ, ਧਿਆਨ ਪੀੜਿਤਾਂ ਅਤੇ ਜੁਰਮ ਦੇ ਅਸਰ ਹੇਠ ਆਈ ਕਮਿਉਨਟੀ ਦਾ ਦੁੱਖ ਘਟਾਉਣ ਵੱਲ ਦਿੱਤਾ ਜਾਂਦਾ ਹੈ।
ਨਸ਼ਿਆਂ ਦੇ ਇਲਾਜ ਲਈ ਅਦਾਲਤ
ਅਦਾਲਤ ਦਾ ਟੀਚਾ ਉਨ੍ਹਾਂ ਬਾਲਗਾਂ ਵਿਚ ਹੀਰੋਇਨ ਅਤੇ ਕੋਕੈਨ ਦੀ ਵਰਤੋਂ ਘਟਾਉਣਾ ਹੈ ਜੋ ਕਿ ਉਨ੍ਹਾਂ ਅਪਰਾਧਾਂ ਲਈ ਚਾਰਜ ਕੀਤੇ ਗਏ ਹਨ ਜਿਹੜੇ ਨਸ਼ਿਆਂ ਦੀ ਆਦਤ ਕਾਰਨ ਹੋਏ ਸਨ।