ਯੂਥ ਕਰਿਮੀਨਲ ਜਸਟਿਸ ਐਕਟ
ਐਕਟ ਕਿਸ `ਤੇ ਲਾਗੂ ਹੁੰਦਾ ਹੈ?
ਇਕ ਮਹੱਤਵਪੂਰਨ ਕਾਨੂੰਨ - ਯੂਥ ਕਰਿਮੀਨਲ ਜਸਟਿਸ ਐਕਟ (ਵਾਈ ਸੀ ਜੇ ਏ) - ਕਰਿਮੀਨਲ ਜਸਟਿਸ ਸਿਸਟਮ ਵਿਚ ਜਵਾਨ ਲੋਕਾਂ ਦੇ ਹੱਕਾਂ ਦੀ ਗਾਰੰਟੀ ਦਿੰਦਾ ਹੈ। ਇਹ ਕਾਨੂੰਨ 12 ਅਤੇ 17 ਸਾਲ ਦੀ ਵਿਚਕਾਰ ਦੇ ਜਵਾਨਾਂ `ਤੇ ਲਾਗੂ ਹੁੰਦਾ ਹੈ। 12 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕਿਸੇ ਜੁਰਮ ਲਈ ਚਾਰਜ ਨਹੀਂ ਕੀਤਾ ਜਾ ਸਕਦਾ। 18 ਸਾਲ ਦੀ ਉਮਰ `ਤੇ, ਅਦਾਲਤ ਕਿਸੇ ਵਿਅਕਤੀ ਨੂੰ ਬਾਲਗ ਸਮਝਦੀ ਹੈ ਅਤੇ ਉਹ ਅਡੱਲਟ ਕੋਰਟ ਵਿਚ ਮੁਕੱਦਮੇ ਲਈ ਜਾਵੇਗਾ।
ਐਕਟ ਦਾ ਮੰਤਵ ਕੀ ਹੈ?
ਕੈਨੇਡਾ ਵਿਚ ਕਾਨੂੰਨ ਕਹਿੰਦਾ ਹੈ ਕਿ ਜਵਾਨਾਂ ਨੂੰ ਜੇਲ੍ਹ ਤੋਂ ਬਾਹਰ ਰੱਖਣ ਬਾਰੇ ਸੋਚਣਾ ਜ਼ਰੂਰੀ ਹੈ, ਖਾਸ ਕਰਕੇ ਜੇ ਜੁਰਮ ਗੰਭੀਰ ਨਾ ਹੋਵੇ। ਕਾਨੂੰਨ ਇਹ ਮੰਨਦਾ ਹੈ ਕਿ ਜਵਾਨ ਬਾਲਗਾਂ ਜਿੰਨੇ ਸਿਆਣੇ ਨਹੀਂ ਹੁੰਦੇ। ਕੁਝ ਕੇਸਾਂ ਵਿਚ ਪੁਲੀਸ ਗ੍ਰਿਫਤਾਰ ਕਰਨ ਦੀ ਬਜਾਏ ਜਵਾਨ ਨੂੰ ਵਾਰਨਿੰਗ ਦੇ ਸਕਦੀ ਹੈ। ਜੇ ਜਵਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਕਿਸੇ ਮੁਜਰਮਾਨਾ ਜੁਰਮ ਲਈ ਕਸੂਰਵਾਰ ਮੰਨਿਆ ਜਾਂਦਾ ਹੈ ਤਾਂ ਸਜ਼ਾ ਦਾ ਕੀਤੇ ਗਏ ਜੁਰਮ ਮੁਤਾਬਕ ਵਾਜਬ ਹੋਣਾ ਜ਼ਰੂਰੀ ਹੈ।
ਕਾਨੂੰਨ ਦਾ ਟੀਚਾ ਜੁਰਮਾਂ ਤੋਂ ਰੋਕਥਾਮ ਕਰਨਾ ਅਤੇ ਜਵਾਨ ਲੋਕਾਂ ਦੀ ਆਪਣੇ ਭਾਈਚਾਰਿਆਂ ਦੇ ਜ਼ਿੰਮੇਵਾਰ ਮੈਂਬਰ ਬਣਨ ਵਿਚ ਮਦਦ ਕਰਨਾ ਹੈ। ਕਾਨੂੰਨ ਇਹ ਵੀ ਚਾਹੁੰਦਾ ਹੈ ਕਿ ਜੁਰਮ ਵਿਚ ਸ਼ਾਮਲ ਜਵਾਨ ਆਪਣੀ ਮੁਜਰਮਾਨਾ ਕਾਰਵਾਈ ਦੇ ਅਸਰ ਨੂੰ ਸਮਝੇ। ਲੋਕਾਂ ਦੀ ਰੱਖਿਆ ਬਹੁਤ ਮਹੱਤਵਪੂਰਨ ਹੈ।