ਯੂਥ ਜਸਟਿਸ ਕੋਰਟ ਬਾਰੇ
ਯੂਥ ਜਸਟਿਸ ਕੋਰਟ (ਸੂਬਾਈ ਅਦਾਲਤ ਦੀ ਇਕ ਡਿਵੀਜ਼ਨ) ਕਥਿਤ ਜੁਰਮ ਹੋਣ ਵੇਲੇ 18 ਸਾਲ ਤੋਂ ਘੱਟ ਉਮਰ ਦੇ ਜਵਾਨ ਲੋਕਾਂ ਦੇ ਕਰਿਮੀਨਲ ਕੇਸਾਂ ਲਈ ਹੈ। ਜੱਜ ਸਬੂਤ ਸੁਣਦਾ ਹੈ ਅਤੇ ਇਹ ਫੈਸਲਾ ਕਰਦਾ ਹੈ ਕਿ ਕੀ ਜਵਾਨ ਦੋਸ਼ੀ ਹੈ ਜਾਂ ਨਹੀਂ। ਜੇ ਦੋਸ਼ੀ ਹੋਵੇ ਤਾਂ ਜੱਜ ਸਜ਼ਾ ਬਾਰੇ ਫੈਸਲਾ ਵੀ ਕਰਦਾ ਹੈ।
ਅਦਾਲਤ ਵਿਚ ਕੀ ਹੁੰਦਾ ਹੈ?
ਯੂਥ ਜਸਟਿਸ ਕੋਰਟ ਦੇ ਸਾਰੇ ਕੇਸ ਸਵੇਰ ਦੀ ਜਾਂ ਬਾਅਦ ਦੁਪਹਿਰ ਦੀ ਸੁਣਵਾਈ ਲਈ ਮਿੱਥੇ ਜਾਂਦੇ ਹਨ। ਕਿਸੇ ਜੁਰਮ ਲਈ ਚਾਰਜ ਕੀਤਾ ਗਿਆ ਜਵਾਨ ਉਦੋਂ ਤੱਕ ਉਡੀਕ ਕਰਦਾ ਹੈ ਜਦ ਤੱਕ ਉਸ ਦੇ ਕੇਸ ਦੀ ਵਾਰੀ ਨਹੀਂ ਆ ਜਾਂਦੀ।
ਜਦੋਂ ਜਵਾਨ ਦਾ ਕੇਸ ਜੱਜ ਵਲੋਂ ਸੁਣਿਆ ਜਾਂਦਾ ਹੈ ਤਾਂ ਜੱਜ ਜਵਾਨ ਦੇ ਮਾਪਿਆਂ ਨੂੰ ਜਵਾਨ ਦੀ ਉਮਰ ਅਤੇ ਜਨਮ ਤਾਰੀਕ ਦੇਣ ਲਈ ਕਹਿ ਸਕਦਾ ਹੈ। ਜੇ ਜਵਾਨ ਦੇ ਮਾਪੇ ਅਦਾਲਤ ਵਿਚ ਨਾ ਹੋਣ ਤਾਂ ਵਕੀਲ ਇਹ ਜਾਣਕਾਰੀ ਦੇ ਸਕਦਾ ਹੈ। ਜਵਾਨ ਖਿਲਾਫ ਚਾਰਜਾਂ ਨੂੰ ਉੱਚੀ ਬੋਲ ਕੇ ਪੜ੍ਹਿਆ ਜਾਂਦਾ ਹੈ।
ਦੋਸ਼ ਮੰਨਣਾ
ਜੇ ਜਵਾਨ ‘‘ਗਿਲਟੀ`’ ਪਲੀਅ ਕਰਦਾ ਹੈ (ਦੋਸ਼ ਮੰਨ ਲੈਂਦਾ ਹੈ) ਤਾਂ ਜੱਜ ਸਜ਼ਾ ਦਾ ਫੈਸਲਾ ਕਰੇਗਾ ਅਤੇ ਕੋਈ ਮੁਕੱਦਮਾ ਨਹੀਂ ਚੱਲੇਗਾ। ਸਹੀ ਸਜ਼ਾ ਦਾ ਫੈਸਲਾ ਕਰਨ ਤੋਂ ਪਹਿਲਾਂ ਜੱਜ ਜਵਾਨ ਬਾਰੇ ਹੋਰ ਜਾਣਕਾਰੀ ਪੁੱਛੇਗਾ। ਇਹ ਜਾਣਕਾਰੀ ਜਵਾਨ ਦੇ ਮਾਪਿਆਂ, ਉਸ ਦੇ ਪ੍ਰੋਬੇਸ਼ਨ ਅਫਸਰ, ਜਾਂ ਜਵਾਨ ਨੂੰ ਜਾਣਦੇ ਹੋਰ ਲੋਕਾਂ ਤੋਂ ਆ ਸਕਦੀ ਹੈ।
ਦੋਸ਼ ਨਾ ਮੰਨਣਾ
ਜੇ ਜਵਾਨ ‘‘ਨੌਟ ਗਿਲਟੀ`’ (ਦੋਸ਼ੀ ਨਹੀਂ) ਪਲੀਡ ਕਰਦਾ ਹੈ ਅਦਾਲਤ ਮੁਕੱਦਮੇ ਦੀ ਤਾਰੀਕ ਮਿੱਥੇਗੀ। ਮੁਕੱਦਮੇ ਵਿਚ, ਸਰਕਾਰੀ ਵਕੀਲ (ਕਰਾਊਨ ਪ੍ਰੌਸੀਕਿਊਟਰ) ਗਵਾਹਾਂ ਤੋਂ ਇਹ ਪੁੱਛੇਗਾ ਕਿ ਉਹ ਜੁਰਮ ਬਾਰੇ ਕੀ ਜਾਣਦੇ ਹਨ। ਜਵਾਨ ਦਾ ਵਕੀਲ ਵੀ ਇਨ੍ਹਾਂ ਗਵਾਹਾਂ ਤੋਂ ਸਵਾਲ ਪੁੱਛੇਗਾ। ਜਵਾਨ ਦਾ ਵਕੀਲ ਜਵਾਨ ਨੂੰ ਜਾਂ ਹੋਰ ਗਵਾਹਾਂ ਨੂੰ ਸਬੂਤ ਦੇਣ ਲਈ ਕਹਿ ਸਕਦਾ ਹੈ (ਇਹ ਕਹਿਣ ਲਈ ਕਿ ਕੀ ਵਾਪਰਿਆ ਸੀ)। ਸਰਕਾਰੀ ਵਕੀਲ ਸਵਾਲ ਪੁੱਛੇਗਾ।
ਮੁਕੱਦਮੇ ਦੇ ਅੰਤ `ਤੇ ਜੱਜ ਇਹ ਫੈਸਲਾ ਕਰੇਗਾ ਕਿ ਕੀ ਜਵਾਨ ਦੋਸ਼ੀ ਹੈ ਜਾਂ ਨਹੀਂ ਹੈ। ਜੇ ਜਵਾਨ ਦੋਸ਼ੀ ਨਾ ਹੋਵੇ ਤਾਂ ਉਹ ਜਾਣ ਲਈ ਆਜ਼ਾਦ ਹੈ। ਜੇ ਜੱਜ ਇਹ ਫੈਸਲਾ ਕਰਦਾ ਹੈ ਕਿ ਜਵਾਨ ਦੋਸ਼ੀ ਹੈ ਤਾਂ ਜੱਜ ਸਜ਼ਾ ਦਾ ਫੈਸਲਾ ਕਰੇਗਾ।