ਸਜ਼ਾ
ਜਵਾਨ ਨੂੰ ਸਜ਼ਾ ਦੇਣ ਵੇਲੇ ਜੱਜ ਖਾਸ ਨਿਯਮ ਲਾਗੂ ਕਰਦੇ ਹਨ। ਸਜ਼ਾਵਾਂ ਇਹੋ ਜਿਹੇ ਕੇਸਾਂ ਵਿਚ ਹੋਰ ਜਵਾਨਾਂ ਨੂੰ ਮਿਲੀਆਂ ਸਜ਼ਾਵਾਂ ਵਰਗੀਆਂ ਹੀ ਹੋਣੀਆਂ ਚਾਹੀਦੀਆਂ ਹਨ। ਜੱਜ ਅਜਿਹੀ ਸਜ਼ਾ ਦੇਵੇਗਾ ਜਿਹੜੀ ਆਪਣੀਆਂ ਕਾਰਵਾਈਆਂ ਲਈ ਜਵਾਨ ਨੂੰ ਜ਼ਿੰਮੇਵਾਰ ਮਹਿਸੂਸ ਕਰਵਾਉਣ ਵਿਚ ਮਦਦ ਕਰਦੀ ਹੈ। ਕਦੇ ਕਦੇ ਕਿਸੇ ਜਵਾਨ ਦੀ ਸਜ਼ਾ ਕਮਿਉਨਟੀ ਵਿਚ ਸੇਵਾ ਕਰਨਾ ਹੁੰਦੀ ਹੈ, ਜਿਵੇਂ ਬੇਘਰਿਆਂ ਲਈ ਕਿਸੇ ਰਿਹਾਇਸ਼ ਵਿਚ ਵਾਲੰਟੀਅਰ ਦੇ ਤੌਰ `ਤੇ ਕੰਮ ਕਰਨਾ।
ਜਵਾਨ ਦੇ ਜੁਰਮ ਬਾਰੇ ਕਿਸ ਨੂੰ ਪਤਾ ਲੱਗੇਗਾ?
ਜਦੋਂ ਕਿਸੇ ਜਵਾਨ ਨੂੰ ਕਿਸੇ ਜੁਰਮ ਲਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦਾ ਨਾਂ ਛਾਪਿਆ ਨਹੀਂ ਜਾ ਸਕਦਾ। ਅਜਿਹਾ ਜਵਾਨ ਦੀ ਹਿਫਾਜ਼ਤ ਲਈ ਕੀਤਾ ਜਾਂਦਾ ਹੈ। ਜੇ ਜਵਾਨ ਦੀ ਪਛਾਣ ਦੀ ਹਿਫਾਜ਼ਤ ਨਾ ਹੋਵੇ ਤਾਂ ਉਸ ਨੂੰ ਆਪਣੇ ਭਾਈਚਾਰੇ ਵਿਚ ਵਾਪਸ ਜਾਣਾ ਔਖਾ ਲੱਗ ਸਕਦਾ ਹੈ। ਇਹ ਆਪਣੀ ਜ਼ਿੰਦਗੀ ਵਿਚ ਅਗਾਂਹ ਜਾਣ ਦੀ ਜਵਾਨ ਦੀ ਸਮਰੱਥਾ `ਤੇ ਵੀ ਅਸਰ ਪਾ ਸਕਦੀ ਹੈ। ਇਸ ਕਰਕੇ, ਉਦਾਹਰਣ ਲਈ, ਜੇ ਪੇਪਰ ਵਿਚ ਜੁਰਮ ਬਾਰੇ ਰਿਪੋਰਟ ਆਵੇ ਤਾਂ ਜਵਾਨ ਦੇ ਨਾਂ ਦੇ ਸਿਰਫ ਪਹਿਲੇ ਅੱਖਰ ਹੀ ਵਰਤੇ ਜਾਣਗੇ (ਜਿਵੇਂ ਕੇ.ਐੱਮ.)।
ਜੇ ਜਵਾਨ ਨੇ ਬਹੁਤ ਗੰਭੀਰ ਜੁਰਮ ਕੀਤਾ ਹੋਵੇ (ਜਿਵੇਂ ਕਤਲ) ਤਾਂ ਉਸ ਨਾਲ ਅਦਾਲਤ ਵਿਚ ਬਾਲਗ ਵਾਲਾ ਵਰਤਾਉ ਕੀਤਾ ਜਾ ਸਕਦਾ ਹੈ। ਇਸ ਕੇਸ ਵਿਚ, ਜਵਾਨ ਦਾ ਨਾਂ ਛਾਪਿਆ ਜਾ ਸਕਦਾ ਹੈ।
ਕੀ ਜਵਾਨ ਜੇਲ੍ਹ ਜਾਵੇਗਾ?
ਆਮ ਤੌਰ `ਤੇ ਕਿਸੇ ਜਵਾਨ ਨੂੰ ਜੇਲ੍ਹ ਸਿਰਫ ਤਾਂ ਹੀ ਭੇਜਿਆ ਜਾਵੇਗਾ ਜੇ ਉਸ ਨੇ ਕੋਈ ਹਿੰਸਕ ਜੁਰਮ ਕੀਤਾ ਹੋਵੇ ਅਤੇ ਉਹ ਵਾਰ ਵਾਰ ਗੰਭੀਰ ਜੁਰਮ ਕਰਨ ਵਾਲਾ ਹੋਵੇ (ਜਵਾਨ ਨੇ ਇਹੋ ਜਾਂ ਇਹੋ ਜਿਹਾ ਜੁਰਮ ਪਹਿਲਾਂ ਵੀ ਕੀਤਾ ਹੋਵੇ)।
ਕਿਸੇ ਜਵਾਨ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਜੱਜ ਕਈ ਚੀਜ਼ਾਂ ਬਾਰੇ ਸੋਚੇਗਾ। ਸਾਰੀਆਂ ਹੋਰ ਚੋਣਾਂ ਬਾਰੇ ਪਹਿਲਾਂ ਵਿਚਾਰ ਕੀਤੇ ਜਾਣਾ ਜ਼ਰੂਰੀ ਹੈ। ਕਿਸੇ ਜਵਾਨ ਨੂੰ ਉਦੋਂ ਤੱਕ ਜੇਲ੍ਹ ਨਹੀਂ ਭੇਜਿਆ ਜਾ ਸਕਦਾ ਜਦ ਤੱਕ:
- ਉਸ ਨੇ ਕੋਈ ਹਿੰਸਕ ਜੁਰਮ ਨਾ ਕੀਤਾ ਹੋਵੇ
- ਜੇ ਇਹ ਜੁਰਮ ਕਿਸੇ ਬਾਲਗ ਵਲੋਂ ਕੀਤਾ ਹੁੰਦਾ ਤਾਂ ਉਸ ਨੂੰ 2 ਸਾਲ ਤੋਂ ਜ਼ਿਆਦਾ ਸਮੇਂ ਦੀ ਸਜ਼ਾ ਹੋ ਸਕਦੀ ਸੀ, ਅਤੇ ਜਵਾਨ ਨੇ ਜੁਰਮ ਕਰਨ ਦਾ ਪੈਟਰਨ ਬਣਾ ਲਿਆ ਹੋਵੇ
- ਜਵਾਨ ਨੇ ਉਨ੍ਹਾਂ ਹੋਰ ਸਜ਼ਾਵਾਂ ਦੀ ਪਾਲਣਾ ਨਾ ਕੀਤੀ ਹੋਵੇ ਜਿਹੜੀਆਂ ਉਸ ਨੇ ਕਮਿਉਨਟੀ ਵਿਚ ਸੇਵਾ ਕਰਕੇ ਪੂਰੀਆਂ ਕਰਨੀਆਂ ਸਨ
- ਖਾਸ ਕੇਸਾਂ ਵਿਚ ਜਿੱਥੇ ਜਵਾਨ ਨੇ ਕੋਈ ਗੰਭੀਰ ਜੁਰਮ ਕੀਤਾ ਹੋਵੇ ਅਤੇ ਜੱਜ ਇਹ ਸੋਚਦਾ ਹੋਵੇ ਕਿ ਕਿਸੇ ਵੀ ਕਾਰਨ ਕਰਕੇ ਜਵਾਨ ਦਾ ਮੁੜ ਵਸੇਬਾ ਕਰਨ ਜਾਂ ਜਨਤਾ ਦੀ ਰਖਵਾਲੀ ਕਰਨ ਲਈ ਜੇਲ੍ਹ ਦੀ ਸਜ਼ਾ ਜ਼ਰੂਰੀ ਹੈ
ਕਿਸੇ ਜਵਾਨ ਨੂੰ ਜੇਲ੍ਹ ਭੇਜਣ ਲਈ ਜੱਜ ਨੂੰ ਕਾਰਨ ਵੀ ਦੇਣਾ ਪਵੇਗਾ। ਬਹੁਤੇ ਕੇਸਾਂ ਵਿਚ, ਕੋਈ ਜਵਾਨ ਆਪਣੀ ਸਜ਼ਾ ਦਾ ਦੋ-ਤਿਹਾਈ ਹਿੱਸਾ ਜੇਲ੍ਹ ਵਿਚ ਬਿਤਾਏਗਾ ਅਤੇ ਬਾਕੀ ਸਮਾਂ ਕਮਿਉਨਟੀ ਵਿਚ।