ਇਹ ਅਦਾਲਤ ਕਿਸ ਕਿਸਮਾਂ ਦੇ ਕੇਸ ਸੁਣਦੀ ਹੈ?
ਦਿਵਾਨੀ (ਸਿਵਲ) ਕੇਸਾਂ ਦੀਆਂ ਬਹੁਤੀਆਂ ਕਿਸਮਾਂ ਸਮਾਲ ਕਲੇਮਜ਼ ਕੋਰਟ ਵਿਚ ਸੁਣੀਆਂ ਜਾ ਸਕਦੀਆਂ ਹਨ, ਪਰ ਕਲੇਮ ਕੀਤੇ ਜਾ ਰਹੇ ਪੈਸਿਆਂ ਦੀ ਰਕਮ 25,000 ਡਾਲਰ ਤੱਕ ਹੋਣੀ ਚਾਹੀਦੀ ਹੈ। ਉਦਾਹਰਣ ਲਈ, ਜੇ ਕਿਸੇ ਨੇ 9,000 ਡਾਲਰ ਤੁਹਾਡੇ ਤੋਂ ਉਧਾਰ ਲਏ ਸਨ ਅਤੇ ਉਹ ਇਹ ਪੈਸੇ ਵਾਪਸ ਨਹੀਂ ਦੇ ਰਿਹਾ ਤਾਂ ਤੁਸੀਂ (ਦਾਅਵੇਦਾਰ) ਉਸ ਵਿਅਕਤੀ ਦੇ ਖਿਲਾਫ ਸਮਾਲ ਕਲੇਮਜ਼ ਕੋਰਟ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਸਕਦੇ ਹੋ। 25,000 ਡਾਲਰ ਦੀ ਹੱਦ ਵਿਚ ਉਸ ਰਕਮ `ਤੇ ਪਿਆ ਵਿਆਜ ਜਾਂ ਉਹ ਖਰਚੇ ਸ਼ਾਮਲ ਨਹੀਂ ਹਨ ਜਿਨ੍ਹਾਂ ਦੇ ਤੁਸੀਂ ਹੱਕਦਾਰ ਹੋ ਸਕਦੇ ਹੋ। ਕੁਝ ਕੇਸ ਇਸ ਅਦਾਲਤ ਵਿਚ ਨਹੀਂ ਜਾ ਸਕਦੇ ਜਿਵੇਂ ਕਿ ਮਾਲਕ-ਮਕਾਨ ਅਤੇ ਕਿਰਾਏਦਾਰਾਂ ਦੇ ਝਗੜੇ ਜਾਂ ਜ਼ਮੀਨ ਦੀ ਮਾਲਕੀਅਤ ਲਈ ਕਲੇਮ।
ਜੇ ਦਾਅਵੇਦਾਰ ਵਲੋਂ ਕਲੇਮ ਕੀਤੀ ਜਾ ਰਹੀ ਰਕਮ 25,000 ਡਾਲਰ ਤੋਂ ਜ਼ਿਆਦਾ ਹੈ ਤਾਂ ਉਹ ਕਲੇਮ ਕੀਤੇ ਜਾ ਰਹੇ ਪੈਸਿਆਂ ਦੀ ਰਕਮ ਘਟਾ ਕੇ ਅਜੇ ਵੀ ਸਮਾਲ ਕਲੇਮਜ਼ ਕੋਰਟ ਵਿਚ ਜਾ ਸਕਦਾ ਹੈ। ਉਦਾਹਰਣ ਲਈ, ਜੇ ਕਿਸੇ ਨੇ ਤੁਹਾਡੇ 29,000 ਡਾਲਰ ਦੇਣੇ ਹਨ ਤਾਂ ਜੇ ਤੁਸੀਂ ਆਪਣਾ ਕਲੇਮ ਘਟਾ ਕੇ 25,000 ਡਾਲਰ ਕਰ ਦਿੰਦੇ ਹੋ ਤਾਂ ਤੁਸੀਂ ਸਮਾਲ ਕਲੇਮਜ਼ ਕੋਰਟ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਸਕਦੇ ਹੋ। ਕਦੇ ਕਦੇ ਅਜਿਹਾ ਫੈਸਲਾ ਕਰਨਾ ਚੰਗਾ ਹੁੰਦਾ ਹੈ ਕਿਉਂਕਿ ਝਗੜੇ ਦਾ ਹੱਲ ਸੁਪਰੀਮ ਕੋਰਟ ਵਿਚ ਜਾਣ ਨਾਲੋਂ ਛੇਤੀ ਹੋਵੇਗਾ।