ਅਦਾਲਤ ਜਾਏ ਬਿਨਾਂ ਆਪਣੀ ਸਮੱਸਿਆ ਦਾ ਹੱਲ ਕਰਨਾ
ਸੈਟਲਮੈਂਟ (ਨਿਪਟਾਰਾ)
ਕੋਈ ਕਾਨੂੰਨੀ ਮਤਭੇਦ ਹੱਲ ਕਰਨ ਲਈ ਅਦਾਲਤ ਵਿਚ ਜੱਜ ਕੋਲ ਜਾਣਾ ਸਦਾ ਜ਼ਰੂਰੀ ਨਹੀਂ ਹੁੰਦਾ। ਮਤਭੇਦ ਵਕੀਲਾਂ ਦੀ ਮਦਦ ਨਾਲ ਜਾਂ ਬਿਨਾਂ ਮਦਦ ਦੇ ਅਤੇ ਅਦਾਲਤ ਜਾਏ ਬਿਨਾਂ ਹੱਲ ਕੀਤੇ ਜਾ ਸਕਦੇ ਹਨ। ਕਿਸੇ ਕੇਸ ਦਾ ਫੈਸਲਾ ਕਰਨਾ ਅਦਾਲਤ ਜਾਣ ਨਾਲੋਂ ਆਮ ਤੌਰ `ਤੇ ਸਸਤਾ ਅਤੇ ਤੇਜ਼ ਹੁੰਦਾ ਹੈ। ਇਹ ਇਸ ਕਰਕੇ ਵੀ ਚੰਗੀ ਚੋਣ ਹੁੰਦਾ ਹੈ ਕਿਉਂਕਿ ਦੋਨੋਂ ਧਿਰਾਂ ਅਜਿਹੇ ਐਗਰੀਮੈਂਟ `ਤੇ ਪਹੁੰਚ ਸਕਦੀਆਂ ਹਨ ਜਿਹੜਾ ਉਹ ਦੋਨੋਂ ਪਸੰਦ ਕਰਦੀਆਂ ਹਨ। ਅਦਾਲਤ ਵਿਚ ਜੱਜ ਅਜਿਹਾ ਫੈਸਲਾ ਕਰ ਸਕਦਾ ਹੈ ਜਿਹੜਾ ਸ਼ਾਇਦ ਕੋਈ ਧਿਰ ਵੀ ਪਸੰਦ ਨਾ ਕਰਦੀ ਹੋਵੇ।
ਅਦਾਲਤ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ, ਦੋਨਾਂ ਧਿਰਾਂ ਨੂੰ ਹਰ ਇਕ ਚੀਜ਼ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਕਿਸੇ ਐਗਰੀਮੈਂਟ `ਤੇ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਨ੍ਹਾਂ ਵਿਚਾਰ-ਵਟਾਂਦਰਿਆਂ ਵਿਚ ਕੋਈ ਵਕੀਲ ਵੀ ਮਦਦ ਕਰ ਸਕਦਾ ਹੈ।
ਮੀਡੀਏਸ਼ਨ (ਵਿਚੋਲਗੀ)
ਸਮਾਲ ਕਲੇਮਜ਼ ਕੋਰਟ ਕੋਲ, ਬਿਨਾਂ ਮੁਕੱਦਮੇ ਦੇ ਲੋਕਾਂ ਦੇ ਕਾਨੂੰਨੀ ਝਗੜੇ ਹੱਲ ਕਰਨ ਵਿਚ ਮਦਦ ਦਾ ਇਕ ਪ੍ਰੋਗਰਾਮ ਹੈ। ਜਿਨ੍ਹਾਂ ਕੇਸਾਂ ਵਿਚ ਕਲੇਮ ਕੀਤੇ ਗਏ ਪੈਸਿਆਂ ਦੀ ਰਕਮ 10,000 ਡਾਲਰ ਅਤੇ 25,000 ਡਾਲਰ ਦੇ ਵਿਚਕਾਰ ਹੁੰਦੀ ਹੈ, ਉਨ੍ਹਾਂ ਵਿਚਲੀ ਕੋਈ ਵੀ ਧਿਰ ਇਹ ਜ਼ੋਰ ਪਾ ਸਕਦੀ ਹੈ ਕਿ ਉਹ ਅਦਾਲਤ ਦੇ ਮੀਡੀਏਸ਼ਨ ਸੈਸ਼ਨ ਵਿਚ ਜਾਣਾ ਚਾਹੁੰਦੇ ਹਨ। ਕੋਈ ਮੀਡੀਏਟਰ (ਇਕ ਨਿਰਪੱਖ ਵਿਅਕਤੀ) ਦੋਨਾਂ ਧਿਰਾਂ ਦੀ ਗੱਲ ਸੁਣਦਾ ਹੈ ਅਤੇ ਉਨ੍ਹਾਂ ਦੇ ਝਗੜੇ ਦਾ ਹੱਲ ਕਰਨ ਲਈ ਕਿਸੇ ਐਗਰੀਮੈਂਟ `ਤੇ ਪਹੁੰਚਣ ਦਾ ਢੰਗ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਮੀਡੀਏਸ਼ਨ ਸੈਸ਼ਨ ਦਾ ਸਮਾਂ ਸਮਾਲ ਕਲੇਮਜ਼ ਕੋਰਟ ਰਜਿਸਟਰੀ ਵਿਚ ‘‘ਨੋਟਿਸ ਟੂ ਮੀਡੀਏਟ`’ ਨਾਂ ਦਾ ਫਾਰਮ ਭਰ ਕੇ ਲਿਆ ਜਾ ਸਕਦਾ ਹੈ। ਕੋਰਟ ਰਜਿਸਟਰੀ ਸੈਸ਼ਨ ਦਾ ਸਮਾਂ ਨਿਸ਼ਚਤ ਕਰੇਗੀ।
ਅੱਗੇ ਲਿਖੀਆਂ ਅਦਾਲਤਾਂ ਵਿਚ ਵੀ ਅਜਿਹੇ ਕੇਸਾਂ ਲਈ ਮੀਡੀਏਸ਼ਨ ਸੰਭਵ ਹੈ ਜਿੱਥੇ ਕਲੇਮ ਕੀਤੇ ਗਏ ਪੈਸਿਆਂ ਦੀ ਰਕਮ 10,000 ਡਾਲਰ ਤੋਂ ਘੱਟ ਹੁੰਦੀ ਹੈ:
- ਵੈਨਕੂਵਰ
- ਸਰੀ
- ਨੌਰਥ ਵੈਨਕੂਵਰ
- ਨਨਾਇਮੋ
- ਵਿਕਟੋਰੀਆ
ਇਨ੍ਹਾਂ ਅਦਾਲਤਾਂ ਵਿਚ ਕੇਸਾਂ ਦੀਆਂ ਕੁਝ ਕਿਸਮਾਂ ਲਈ ਮੀਡੀਏਸ਼ਨ ਸੈਸ਼ਨ ਹੋਣਾ ਜ਼ਰੂਰੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਦਾਅਵੇਦਾਰ ਅਤੇ ਡਿਫਿਨਡੈਂਟ (ਮੁਦਾਲੇ) ਨੂੰ ਕੋਰਟ ਰਜਿਸਟਰੀ ਤੋਂ ਇਕ ਨੋਟਿਸ ਮਿਲੇਗਾ ਜਿਸ ਵਿਚ ਉਨ੍ਹਾਂ ਨੂੰ ਇਹ ਦੱਸਿਆ ਗਿਆ ਹੋਵੇਗਾ ਕਿ ਮੀਡੀਏਸ਼ਨ ਸੈਸ਼ਨ ਕਦੋਂ ਅਤੇ ਕਿੱਥੇ ਹੋਵੇਗਾ। ਜੇ ਮੀਡੀਏਸ਼ਨ ਸੈਸ਼ਨ ਰੱਖਿਆ ਜਾਂਦਾ ਹੈ ਤਾਂ ਤੁਹਾਡੇ ਲਈ ਮੀਟਿੰਗ ਵਿਚ ਜਾਣਾ ਜ਼ਰੂਰੀ ਹੈ, ਨਹੀਂ ਤਾਂ ਤੁਹਾਡੇ ਬਿਨਾਂ ਹੀ ਕੇਸ ਦਾ ਫੈਸਲਾ ਕਰ ਦਿੱਤਾ ਜਾਵੇਗਾ।