ਜਦੋਂ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ
ਜਦੋਂ ਪੁਲੀਸ ਕਿਸੇ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਉਨ੍ਹਾਂ ਲਈ ਉਸ ਵਿਅਕਤੀ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਉਸ ਨੂੰ ਗ੍ਰਿਫਤਾਰ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਲਈ ਉਸ ਵਿਅਕਤੀ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਉਹ ਫੌਰਨ ਕਿਸੇ ਵਕੀਲ ਨਾਲ ਗੱਲ ਕਰ ਸਕਦਾ ਹੈ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਵਕੀਲ ਮੁਫਤ ਉਪਲਬਧ ਹਨ। ਗ੍ਰਿਫਤਾਰ ਕੀਤੇ ਜਾ ਰਹੇ ਵਿਅਕਤੀ ਲਈ ਪੁਲੀਸ ਨੂੰ ਆਪਣਾ ਨਾਂ ਅਤੇ ਐਡਰੈਸ ਦੱਸਣਾ ਜ਼ਰੂਰੀ ਹੈ, ਅਤੇ ਪੁਲੀਸ ਨਾਲ ਪੁਲੀਸ ਸਟੇਸ਼ਨ ਜਾਣਾ ਜ਼ਰੂਰੀ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਕਿਸੇ ਵਕੀਲ ਨਾਲ ਟੈਲੀਫੋਨ `ਤੇ ਪ੍ਰਾਈਵੇਟ ਵਿਚ ਗੱਲਬਾਤ ਕਰਨ ਦਾ ਹੱਕ ਹੈ। ਬਹੁਤ ਸਾਰੇ ਪੁਲੀਸ ਸਟੇਸ਼ਨਾਂ ਵਿਚ ਵਕੀਲਾਂ ਦੀ ਲਿਸਟ ਹੈ ਜਿਹੜੇ ਦੋਸ਼ ਲੱਗੇ ਕਿਸੇ ਵਿਅਕਤੀ ਦੀ ਮਦਦ ਕਰ ਸਕਦੇ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਪੁਲੀਸ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਕਿਸੇ ਵਕੀਲ ਨਾਲ ਗੱਲ ਕਰਨੀ ਚਾਹੀਦੀ ਹੈ। ਉਸ ਨੂੰ ਚੁੱਪ ਰਹਿਣ ਅਤੇ ਪੁਲੀਸ ਦੇ ਸਵਾਲਾਂ ਦੇ ਜਵਾਬ ਨਾ ਦੇਣ ਦਾ ਹੱਕ ਹੈ, ਪਰ ਕੋਈ ਵਕੀਲ ਇਹ ਸਲਾਹ ਦੇ ਸਕਦਾ ਹੈ ਕਿ ਕੀ ਅਜਿਹਾ ਕਰਨਾ ਠੀਕ ਹੈ। ਕਿਸੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ, ਪੁਲੀਸ ਉਸ ਵਿਅਕਤੀ ਦੀ ਨਸ਼ਿਆਂ, ਹਥਿਆਰਾਂ ਅਤੇ ਕਿਸੇ ਹੋਰ ਅਜਿਹੇ ਸਬੂਤਾਂ ਲਈ ਤਲਾਸ਼ੀ ਲੈ ਸਕਦੀ ਹੈ ਜਿਹੜੇ ਉਸ ਜੁਰਮ ਨਾਲ ਸੰਬੰਧਿਤ ਹੋ ਸਕਦੇ ਹਨ ਜਿਸ ਲਈ ਉਸ ਨੂੰ ਚਾਰਜ ਕੀਤਾ ਗਿਆ ਹੈ। ਪੁਲੀਸ, ਕਿਸੇ ਗੰਭੀਰ ਜੁਰਮ ਲਈ ਚਾਰਜ ਕੀਤੇ ਗਏ ਵਿਅਕਤੀ ਦੀਆਂ ਫੋਟੋਆਂ ਅਤੇ ਉਂਗਲੀਆਂ ਦੇ ਨਿਸ਼ਾਨ (ਫਿੰਗਰਪ੍ਰਿੰਟਸ) ਲੈ ਸਕਦੀ ਹੈ।