ਪੀੜਿਤ ਅਤੇ ਗਵਾਹ
ਜੁਰਮ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਨੂੰ ਟੈਲੀਫੋਨ `ਤੇ ਫੌਰਨ 911 ਨੂੰ ਫੋਨ ਕਰਨਾ ਚਾਹੀਦਾ ਹੈ। ਪੁਲੀਸ ਨੂੰ ਜੋ ਹੋਇਆ ਹੈ, ਉਹ ਦੱਸਿਆ ਜਾਣਾ ਚਾਹੀਦਾ ਹੈ। ਜੁਰਮ ਤੋਂ ਪੀੜਿਤ ਵਿਅਕਤੀ ਨੂੰ ਕਥਿਤ ਦੋਸ਼ੀ `ਤੇ ਮੁਕੱਦਮਾ ਚੱਲਣ ਵੇਲੇ ਗਵਾਹੀ ਦੇਣ ਲਈ ਸੱਦਿਆ ਜਾਵੇਗਾ। ਸਭ ਤੋਂ ਪਹਿਲਾਂ ਤਾਂ ਪੀੜਿਤ ਵਿਅਕਤੀ ਅਦਾਲਤ ਵਿਚ ਸੱਚ ਬੋਲਣ ਦੀ ਸਹੁੰ ਚੁੱਕੇਗਾ ਜਾਂ ਹਾਮੀ ਭਰੇਗਾ)। (ਜੇ ਤੁਸੀਂ ਸੱਚ ਬੋਲਣ ਦੀ ਹਾਮੀ ਭਰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਸੱਚ ਬੋਲਣ ਦਾ ਵਾਅਦਾ ਕਰਦੇ ਹੋ।) ਜੱਜ ਇਹ ਜਾਣਨਾ ਚਾਹੇਗਾ ਕਿ ਪੀੜਿਤ ਨਾਲ ਕੀ ਵਾਪਰਿਆ ਹੈ। ਸਰਕਾਰੀ ਵਕੀਲ ਅਦਾਲਤ ਵਿਚ ਪੀੜਿਤ ਤੋਂ ਸਵਾਲ ਪੁੱਛਦੇ ਹਨ, ਅਤੇ ਕਥਿਤ ਦੋਸ਼ੀ ਦਾ ਵਕੀਲ ਵੀ ਉਸ ਨੂੰ ਸਵਾਲ ਪੁੱਛੇਗਾ।
ਜੇ ਪੀੜਿਤ ਪੁਲੀਸ ਨਾਲ ਗੱਲ ਨਾ ਕਰਨਾ ਚਾਹੁੰਦਾ ਹੋਵੇ ਤਾਂ ਉਹ ਵਿਕਟਿਮਲਿੰਕ ਬੀ ਸੀ ਨਾਲ ਸੰਪਰਕ ਕਰ ਸਕਦਾ ਹੈ। ਇਹ ਬੀ ਸੀ ਵਿਚ ਇਕ ਮੁਫਤ, ਗੁਪਤ, ਕਈ ਭਾਸ਼ਾਵਾਂ ਵਿਚ ਟੈਲੀਫੋਨ ਸਰਵਿਸ ਹੈ। ਇਹ ਹਰ ਰੋਜ਼ 24 ਘੰਟੇ ਖੁਲ੍ਹੀ ਹੁੰਦੀ ਹੈ। ਪੀੜਿਤ ਨੂੰ ਇਹ ਜਾਣਕਾਰੀ ਦਿੱਤੀ ਜਾਵੇਗੀ ਕਿ ਉਸ ਨੇ ਕੀ ਕਰਨਾ ਹੈ। ਪਰਿਵਾਰਕ ਹਿੰਸਾ ਅਤੇ ਕਾਮੁਕ ਹਿੰਸਾ ਦੇ ਪੀੜਿਤਾਂ ਨੂੰ ਮਦਦ ਦਿੱਤੀ ਜਾਂਦੀ ਹੈ।
ਜੁਰਮ ਦੇ ਗਵਾਹਾਂ ਨੂੰ 911 ਨੂੰ ਫੋਨ ਕਰਨਾ ਚਾਹੀਦਾ ਹੈ। ਪੁਲੀਸ ਗਵਾਹਾਂ ਨਾਲ ਗੱਲ ਕਰੇਗੀ ਅਤੇ ਕਥਿਤ ਦੋਸ਼ੀ `ਤੇ ਮੁਕੱਦਮਾ ਚੱਲਣ ਵੇਲੇ ਉਨ੍ਹਾਂ ਨੂੰ ਸੰਭਵ ਤੌਰ `ਤੇ ਗਵਾਹੀ ਦੇਣ ਲਈ ਸੱਦਿਆ ਜਾਵੇਗਾ। ਪਹਿਲਾਂ ਵਾਪਰੇ ਕਿਸੇ ਜੁਰਮ ਦੀ ਰਿਪੋਰਟ ਕਰਨ ਲਈ ਗਵਾਹ ਪੁਲੀਸ ਨੂੰ ਟੈਲੀਫੋਨ ਕਰ ਸਕਦਾ ਹੈ ਜਾਂ ਪੁਲੀਸ ਸਟੇਸ਼ਨ ਜਾ ਸਕਦਾ ਹੈ। ਕੋਈ ਵੀ ਇੰਟਰਨੈੱਟ `ਤੇ ਕਰਾਇਮ ਸਟੌਪਰਜ਼ ਨਾਲ ਸੰਪਰਕ ਕਰਕੇ ਗੁਪਤ ਤਰੀਕੇ ਨਾਲ (ਆਪਣੇ ਆਪ ਦੀ ਪਛਾਣ ਕਰਵਾਏ ਬਿਨਾਂ) ਕਿਸੇ ਜੁਰਮ ਦੀ ਰਿਪੋਰਟ ਦੇ ਸਕਦਾ ਹੈ।