ਮੁਕੱਦਮੇ ਵਿਚ ਕੀ ਹੁੰਦਾ ਹੈ?

ਮੁਜਰਮਾਨਾ ਜੁਰਮਾਂ ਦੀਆਂ ਦੋ ਕਿਸਮਾਂ ਹਨ। ਸਮਰੀ ਕਨਵੈਕਸ਼ਨ ਓਫੈਂਸਿਜ਼ ਘੱਟ ਗੰਭੀਰ ਜੁਰਮ ਹਨ। ਇਨਡਿਕਟੇਬਲ ਓਫੈਂਸਿਜ਼ ਜ਼ਿਆਦਾ ਗੰਭੀਰ ਹਨ।

ਜੇ ਕਥਿਤ ਦੋਸ਼ੀ ਨੂੰ ਕਿਸੇ ਸਮਰੀ ਕਨਵੈਕਸ਼ਨ ਓਫੈਂਸ ਲਈ ਚਾਰਜ ਕੀਤਾ ਗਿਆ ਹੈ ਤਾਂ ਉਹ ਮੁਕੱਦਮੇ ਲਈ ਸੂਬਾਈ ਅਦਾਲਤ ਦੇ ਜੱਜ ਅੱਗੇ ਪੇਸ਼ ਹੋਵੇਗਾ। ਇਸ ਕਿਸਮ ਦੇ ਜੁਰਮ ਲਈ ਵੱਧ ਤੋਂ ਵੱਧ ਸਜ਼ਾ ਆਮ ਤੌਰ `ਤੇ 5,000 ਡਾਲਰ ਜੁਰਮਾਨਾ, ਛੇ ਮਹੀਨਿਆਂ ਦੀ ਜੇਲ੍ਹ ਜਾਂ ਦੋਨੋਂ ਹਨ।

ਜੇ ਕਥਿਤ ਦੋਸ਼ੀ ਨੂੰ ਕਿਸੇ ਇਨਡਿਕਟੇਬਲ ਓਫੈਂਸ ਲਈ ਚਾਰਜ ਕੀਤਾ ਗਿਆ ਹੈ ਤਾਂ ਉਹ ਸੂਬਾਈ ਅਦਾਲਤ ਦੇ ਜੱਜ ਅੱਗੇ ਜਾਂ ਸੁਪਰੀਮ ਕੋਰਟ ਦੇ ਜੱਜ ਅੱਗੇ ਜਿਊਰੀ ਨਾਲ ਜਾਂ ਜਿਊਰੀ ਤੋਂ ਬਿਨਾਂ ਮੁਕੱਦਮਾ ਲੜਨ ਦੀ ਚੋਣ ਕਰ ਸਕਦਾ ਹੈ। ਜੇ ਮੁਕੱਦਮਾ ਸੁਪਰੀਮ ਕੋਰਟ ਵਿਚ ਚੱਲੇਗਾ ਤਾਂ ਮੁਕੱਦਮੇ ਤੋਂ ਪਹਿਲਾਂ ਮੁਢਲੀ ਇਨਕੁਆਰੀ ਹੋਵੇਗੀ। ਮੁਢਲੀ ਇਨਕੁਆਰੀ ਅਦਾਲਤ ਦੀ ਇਕ ਸੁਣਵਾਈ ਹੈ ਜਿਸ ਵਿਚ ਜੱਜ ਇਹ ਫੈਸਲਾ ਕਰਨ ਲਈ ਕੇਸ `ਤੇ ਵਿਚਾਰ ਕਰਦਾ ਹੈ ਕਿ ਕੀ ਮੁਕੱਦਮੇ ਲਈ ਲੋੜੀਂਦੇ ਸਬੂਤ ਹਨ। ਜੇ ਜੱਜ ਇਹ ਫੈਸਲਾ ਕਰੇ ਕਿ ਲੋੜੀਂਦੇ ਸਬੂਤ ਨਹੀਂ ਹਨ ਤਾਂ ਕੇਸ ਖਾਰਜ ਕਰ ਦਿੱਤਾ ਜਾਵੇਗਾ। ਨਹੀਂ ਤਾਂ ਸੁਪਰੀਮ ਕੋਰਟ ਵਿਚ ਮੁਕੱਦਮੇ ਦੀ ਤਾਰੀਕ ਮਿੱਥੀ ਜਾਵੇਗੀ। ਤੁਸੀਂ ਸੂਬਾਈ ਅਦਾਲਤ ਅਤੇ ਸੁਪਰੀਮ ਕੋਰਟ ਬਾਰੇ ਇੱਥੇ ਪੜ੍ਹ ਸਕਦੇ ਹੋ।

ਮੁਕੱਦਮੇ ਦੀ ਕਾਰਵਾਈ

ਮੁਕੱਦਮਾ ਭਾਵੇਂ ਸੂਬਾਈ ਅਦਾਲਤ ਵਿਚ ਜਾਂ ਸੁਪਰੀਮ ਕੋਰਟ ਵਿਚ ਹੋਵੇ, ਸਰਕਾਰੀ ਵਕੀਲ ਅਤੇ ਕਥਿਤ ਦੋਸ਼ੀ ਦਾ ਵਕੀਲ ਕੇਸ ਬਾਰੇ ਸਬੂਤ ਪੇਸ਼ ਕਰਦੇ ਹਨ। ਜੱਜ ਜੁਰਮ ਬਾਰੇ ਸਬੂਤ ਸੁਣਨੇ ਚਾਹੁੰਦਾ ਹੈ ਅਤੇ ਉਨ੍ਹਾਂ ਗਵਾਹਾਂ ਨੂੰ ਸੁਣਦਾ ਹੈ ਜਿਨ੍ਹਾਂ ਨੇ ਜੁਰਮ ਹੁੰਦਾ ਦੇਖਿਆ ਹੈ।

ਮੁਕੱਦਮੇ ਵਿਚ, ਪਹਿਲਾਂ ਸਰਕਾਰੀ ਵਕੀਲ ਆਪਣਾ ਕੇਸ ਪੇਸ਼ ਕਰਦਾ ਹੈ। ਉਹ, ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨ ਲਈ ਗਵਾਹਾਂ ਨੂੰ ਸੱਦੇਗਾ ਅਤੇ ਸਬੂਤ ਪੇਸ਼ ਕਰੇਗਾ ਕਿ ਕਥਿਤ ਦੋਸ਼ੀ ਇਕ ਵਾਜਬ ਸ਼ੱਕ ਤੋਂ ਅਗਾਂਹ ਜੁਰਮ ਲਈ ਕਸੂਰਵਾਰ ਹੈ। ਕਥਿਤ ਦੋਸ਼ੀ ਦਾ ਵਕੀਲ ਇਹ ਪਤਾ ਲਾਉਣ ਲਈ ਸਰਕਾਰੀ ਵਕੀਲ ਦੇ ਗਵਾਹਾਂ ਨੂੰ ਸਵਾਲ ਪੁੱਛੇਗਾ ਕਿ ਕੀ ਉਹ ਜੁਰਮ ਬਾਰੇ ਸੱਚ ਬੋਲ ਰਹੇ ਹਨ। ਅਗਾਂਹ, ਕਥਿਤ ਦੋਸ਼ੀ ਦਾ ਵਕੀਲ ਕਥਿਤ ਦੋਸ਼ੀ ਦਾ ਕੇਸ ਪੇਸ਼ ਕਰੇਗਾ।

ਫਿਰ ਜੱਜ ਜਾਂ ਜਿਊਰੀ ਇਹ ਫੈਸਲਾ ਕਰਨਗੇ ਕਿ ਕੀ ਸਰਕਾਰੀ ਵਕੀਲ ਨੇ ਇਕ ਵਾਜਬ ਸ਼ੱਕ ਤੋਂ ਅਗਾਂਹ ਇਹ ਸਾਬਤ ਕੀਤਾ ਹੈ ਕਿ ਕਥਿਤ ਦੋਸ਼ੀ ਕਸੂਰਵਾਰ ਹੈ। ਜੇ ਕਥਿਤ ਦੋਸ਼ੀ ਨੂੰ ਕਸੂਰਵਾਰ ਨਹੀਂ ਸਮਝਿਆ ਜਾਂਦਾ ਤਾਂ ਉਹ ਜਾਣ ਲਈ ਆਜ਼ਾਦ ਹੈ ਅਤੇ ਇਹ ਇਸ ਤਰ੍ਹਾਂ ਹੈ ਕਿ ਜਿਵੇਂ ਉਸ ਨੂੰ ਕਦੇ ਕਿਸੇ ਜੁਰਮ ਲਈ ਚਾਰਜ ਨਹੀਂ ਕੀਤਾ ਗਿਆ ਸੀ।

ਹਰ ਕਰਿਮੀਨਲ ਮੁਕੱਦਮੇ ਵਿਚ ਚੁੱਕੇ ਜਾਣ ਵਾਲੇ ਕਦਮ ਇਹ ਹਨ:

  • ਕੇਸ ਲਈ ਹਾਜ਼ਰੀ ਲੱਗਦੀ ਹੈ।
  • ਮੁਕੱਦਮਾ ਸ਼ੁਰੂ ਹੁੰਦਾ ਹੈ।
  • ਬਾਹਰ ਰੱਖਣ ਦਾ ਆਰਡਰ ਕੀਤਾ ਜਾ ਸਕਦਾ ਹੈ (ਇਸ ਨਾਲ ਸਾਰੇ ਗਵਾਹਾਂ ਨੂੰ ਅਦਾਲਤ ਦੇ ਕਮਰੇ ਵਿੱਚੋਂ ਬਾਹਰ ਭੇਜਿਆ ਜਾਂਦਾ ਹੈ ਤਾਂ ਜੋ ਉਹ ਇਕ ਦੂਜੇ ਦੀ ਗਵਾਹੀ ਨਾ ਸੁਣ ਸਕਣ)।
  • ਸਰਕਾਰੀ ਵਕੀਲ ਆਪਣਾ ਕੇਸ ਪੇਸ਼ ਕਰਦਾ ਹੈ।
  • ਕਥਿਤ ਦੋਸ਼ੀ (ਜਾਂ ਵਕੀਲ) ਸਰਕਾਰੀ ਗਵਾਹਾਂ ਨੂੰ ਸਵਾਲ ਪੁੱਛਦਾ ਹੈ।
  • ਕਥਿਤ ਦੋਸ਼ੀ (ਜਾਂ ਵਕੀਲ) ਆਪਣਾ ਕੇਸ ਪੇਸ਼ ਕਰਦਾ ਹੈ।
  • ਸਰਕਾਰੀ ਵਕੀਲ ਕਥਿਤ ਦੋਸ਼ੀ ਦੇ ਗਵਾਹਾਂ ਨੂੰ ਸਵਾਲ ਪੁੱਛਦਾ ਹੈ।
  • ਸਰਕਾਰੀ ਵਕੀਲ ਅਤੇ ਕਥਿਤ ਦੋਸ਼ੀ ਆਪਣੇ ਦ੍ਰਿਸ਼ਟੀਕੋਣ ਦਾ ਖੁਲਾਸਾ ਕਰਦੇ ਹਨ।
  • ਜੱਜ ਜਾਂ ਜਿਊਰੀ ਫੈਸਲਾ ਦਿੰਦੇ ਹਨ।
  • ਜੇ ਜੱਜ ਜਾਂ ਜਿਊਰੀ ਇਹ ਫੈਸਲਾ ਕਰਦੇ ਹਨ ਕਿ ਕਥਿਤ ਦੋਸ਼ੀ ਕਸੂਰਵਾਰ ਨਹੀਂ ਹੈ ਤਾਂ ਉਹ ਜਾਣ ਲਈ ਆਜ਼ਾਦ ਹੈ। ਜੇ ਜੱਜ ਜਾਂ ਜਿਊਰੀ ਇਹ ਫੈਸਲਾ ਕਰਦੇ ਹਨ ਕਿ ਕਥਿਤ ਦੋਸ਼ੀ ਕਸੂਰਵਾਰ ਹੈ ਤਾਂ ਉਸ ਨੂੰ ‘‘ਦੋਸ਼ੀ`’ ਕਰਾਰ ਦਿੱਤਾ ਜਾਵੇਗਾ ਅਤੇ ਜੱਜ ਦੋਸ਼ੀ ਨੂੰ ਸਜ਼ਾ ਦੇਵੇਗਾ (ਸਜ਼ਾ ਦਾ ਫੈਸਲਾ ਕਰੇਗਾ)। ਜੱਜ ਵਲੋਂ ਸਜ਼ਾ ਦਾ ਫੈਸਲਾ ਕਰਨ ਤੋਂ ਪਹਿਲਾਂ, ਦੋਸ਼ੀ ਨੂੰ ਜੱਜ ਨੂੰ ਆਪਣੇ ਬਾਰੇ ਦੱਸਣ ਦਾ ਮੌਕਾ ਮਿਲੇਗਾ। ਜੱਜ ਇਹ ਵੀ ਜਾਣਨਾ ਚਾਹੇਗਾ ਕਿ ਪੀੜਿਤ ਵਿਅਕਤੀ ਦਾ ਇਸ ਚੀਜ਼ ਬਾਰੇ ਕੀ ਕਹਿਣਾ ਹੈ ਕਿ ਜੁਰਮ ਨੇ ਉਸ ਦੀ ਜ਼ਿੰਦਗੀ `ਤੇ ਕਿਵੇਂ ਅਸਰ ਪਾਇਆ ਹੈ।

ਸਰਕਾਰੀ ਵਕੀਲ ਲਈ ਇਹ ਦਿਖਾਉਣਾ ਜ਼ਰੂਰੀ ਹੈ ਕਿ:

  • ਸਹੀ ਵਿਅਕਤੀ ਨੂੰ ਜੁਰਮ ਲਈ ਚਾਰਜ ਕੀਤਾ ਗਿਆ ਸੀ
  • ਜੁਰਮ ਦੇ ਸਾਰੇ ਹਿੱਸੇ ਅਸਲ ਵਿਚ ਵਾਪਰੇ ਸਨ
  • ਕਥਿਤ ਦੋਸ਼ੀ ਦਾ ਮਕਸਦ ਜੁਰਮ ਕਰਨਾ ਸੀ

ਜੱਜ ਕਥਿਤ ਦੋਸ਼ੀ ਦੇ ਕਸੂਰਵਾਰ ਹੋਣ ਦਾ ਫੈਸਲਾ ਸਿਰਫ ਤਾਂ ਹੀ ਕਰੇਗਾ ਜੇ ਉਸ ਨੂੰ ਯਕੀਨ ਹੈ ਕਿ ਕਥਿਤ ਦੋਸ਼ੀ ਨੇ ‘‘ਇਕ ਵਾਜਬ ਸ਼ੱਕ ਤੋਂ ਅਗਾਂਹ`’ ਜੁਰਮ ਕੀਤਾ ਹੈ। ਇਸ ਦਾ ਮਤਲਬ ਹੈ ਕਿ ਜੱਜ ਨੂੰ ਤਕਰੀਬਨ ਪੱਕਾ ਨਿਸ਼ਚਾ ਹੋਣਾ ਜ਼ਰੂਰੀ ਹੈ ਕਿ ਕਥਿਤ ਦੋਸ਼ੀ ਨੇ ਜੁਰਮ ਕੀਤਾ ਹੈ। ਕਥਿਤ ਦੋਸ਼ੀ ਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਹੈ ਕਿ ਉਹ ਨਿਰਦੋਸ਼ ਹੈ।

ਕਥਿਤ ਦੋਸ਼ੀ ਜਾਂ ਸਰਕਾਰੀ ਵਕੀਲ ਦੋਸ਼ ਜਾਂ ਨਿਰਦੋਸ਼ਤਾ ਬਾਰੇ ਜੱਜ ਦੇ ਫੈਸਲੇ ਦੇ ਵਿਰੁੱਧ ਅਪੀਲ ਕਰ ਸਕਦੇ ਹਨ। ਦੋਨਾਂ ਵਿੱਚੋਂ ਕੋਈ ਧਿਰ ਸਜ਼ਾ ਵਿਰੁੱਧ ਵੀ ਅਪੀਲ ਕਰ ਸਕਦੀ ਹੈ।

Justice Education Society Citizenship and Immigration Canada Welcome BC City of Vancouver